ਕੀ ਕਿਸਾਨ ਸੰਘਰਸ਼ ਨੂੰ ਢਾਹ ਲਾ ਰਿਹਾ ਹੈ, ਸਮੁੱਚੀਆਂ ਰਾਜਸੀ ਧਿਰਾਂ ਦਾ ਵਿਰੋਧ?
Thursday, Jul 22, 2021 - 10:44 AM (IST)
ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਸੰਘਰਸ਼ ਦੀ ਕੜੀ ਤਹਿਤ ਹੁਣ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਮਤੇ ਪਾਸ ਕਰ ਕੇ ਤਮਾਮ ਰਾਜਸੀ ਧਿਰਾਂ ਦੀ ਪਿੰਡਾਂ ’ਚ ਐਂਟਰੀ ਮੁਕੰਮਲ ਰੂਪ ’ਚ ਬੰਦ ਕਰ ਦਿੱਤੀ ਹੈ। ਸੂਬੇ ਭਰ ’ਚ ਹੋ ਰਹੇ ਇਸ ਵਿਰੋਧ ਦਾ ਅਸਰ ਪੇਂਡੂ ਖੇਤਰ ’ਚ ਜਿੱਥੇ ਆਮ ਤੌਰ ’ਤੇ ਵੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਕਿਤੇ-ਕਿਤੇ ਇਹ ਪੱਖ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਤਮਾਮ ਰਾਜਸੀ ਧਿਰਾਂ ਨੂੰ ਕੇਂਦਰ ਪੱਖੀ ਧਿਰਾਂ ਦੀ ਤਰਜ਼ ’ਤੇ ਵਿਰੋਧ ਦਾ ਸ਼ਿਕਾਰ ਬਣਾਉਣਾ ਕਿਸਾਨ ਸੰਘਰਸ਼ ਨੂੰ ਢਾਹ ਲਾ ਰਿਹਾ ਹੈ।
ਇਹ ਵੀ ਪੜ੍ਹੋ: ਭਤੀਜੀ ਦੇ NRI ਪਤੀ ਤੋਂ ਦੁਖ਼ੀ ਚਾਚੇ ਨੇ ਚੁੱਕਿਆ ਖ਼ੌਫ਼ਨਾਕ ਕਦਮ, ਫੇਸਬੁੱਕ 'ਤੇ ਲਾਈਵ ਹੋ ਕੇ ਕੀਤਾ ਵੱਡਾ ਖ਼ੁਲਾਸਾ
ਗੱਲ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਕੀਤੀ ਜਾਵੇ ਤਾਂ ਮਿਸ਼ਨ 2022 ਨੂੰ ਲੈ ਕੇ ਤਮਾਮ ਰਾਜਸੀ ਧਿਰਾਂ ਆਪਣੇ ਅਕੀਦੇ ਨੂੰ ਲੈ ਕੇ ਅਵਾਮ ਦੀ ਕਚਹਿਰੀ ’ਚ ਜਾ ਰਹੀਆਂ ਹਨ ਅਤੇ ਕਿਸਾਨ ਪੱਖੀ ਲੋਕ ਵਿਰੋਧ ਕਰ ਰਹੇ ਹਨ। ਭਾਜਪਾ ਛੱਡ ਕੇ ਬਾਕੀ ਰਾਜਸੀ ਧਿਰਾਂ ਮੁੱਢ ਤੋਂ ਹੀ ਕਿਸਾਨਾਂ ਦੇ ਹੱਕ ’ਚ ਖੜ੍ਹਦੀਆਂ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਗੈਰ ਭਾਜਪਾ ਧਿਰਾਂ ਦੇ ਵਿਰੋਧ ਨੂੰ ਕਿਸੇ ਪੱਖੋਂ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (ਬ) ਕਿਸਾਨ ਹਿੱਤਾਂ ਲਈ ਕੇਂਦਰ ਸਰਕਾਰ ਨਾਲੋਂ ਭਾਈਵਾਲੀ ਤੋੜਨ ਦੀ ਗੱਲ ਕਰ ਰਿਹਾ ਹੈ ਪਰ ਇਸ ਤੋਂ 4 ਮਹੀਨੇ ਪਹਿਲਾਂ ਖੇਤੀ ਕਾਨੂੰਨਾਂ ਨੂੰ ਵਾਜਿਬ ਠਹਿਰਾਉਣ ਅਤੇ ਕਿਸਾਨਾਂ ਦੇ ਵਿਰੋਧ ’ਚ ਭਾਜਪਾ ਦੀ ਠੋਕ ਵਜਾ ਕੇ ਵਕਾਲਤ ਕਰਨ ਦਾ ਗੁੱਸਾ ਅਜੇ ਕਿਸਾਨਾਂ ’ਚ ਠੰਡਾ ਨਹੀਂ ਪਿਆ। ਕਾਂਗਰਸ ਅਤੇ ਸੂਬਾ ਸਰਕਾਰ ਨੇ ਕਿਸਾਨ ਸੰਘਰਸ਼ ਨੂੰ ਹਰ ਸੰਭਵ ਸਹਿਯੋਗ ਦਿੱਤਾ ਹੈ, ਉਥੇ ਆਪ ਵਲੋਂ ਦਿੱਲੀ ਪੁਲਸ ਨੂੰ ਆਰਜੀ ਜੇਲਾਂ ਬਣਾਉਣ ਲਈ ਸਟੇਡੀਅਮ ਦੇਣ ਤੋਂ ਕੀਤਾ ਇਨਕਾਰ ਅਤੇ ਸਿੰਘੂ ਬਾਰਡਰ ’ਤੇ ਪ੍ਰਦਾਨ ਕੀਤੀਆਂ ਸਹੂਲਤਾਂ ਜ਼ਰੀਏ ਕਿਸਾਨ ਹਿਤੈਸ਼ੀ ਹੋਣ ਦੀ ਗੱਲ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਕਈ ਥਾਵਾਂ ’ਤੇ ਕਾਂਗਰਸ ਅਤੇ ਆਪ ਆਗੂਆਂ ਨੂੰ ਵੀ ਇਸ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਸਿੱਧੂ ਨੂੰ ਪ੍ਰਧਾਨ ਬਣਾਉਣ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਵਿਧਾਇਕ ਗਿਲਜ਼ੀਆਂ ਨੇ ਕੈਪਟਨ ਬਾਰੇ ਆਖੀ ਵੱਡੀ ਗੱਲ
ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਦੇ ਉਲਟ ਬੀਤੇ ਅਰਸੇ ’ਚ ਜੀਓ ਦੇ ਬੰਦ ਕਰਵਾਏ ਟਾਵਰਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਨੂੰ ਇਸ ਦਾ ਨੁਕਸਾਨ ਭੁਗਤਣਾ ਪਿਆ ਹੈ । ਇਸੇ ਤਰਜ ’ਤੇ ਹੀ ਸਮੁੱਚੀਆਂ ਰਾਜਸੀ ਧਿਰਾਂ ਨੂੰ ਇਸ ਵਿਆਪਕ ਵਿਰੋਧ ਦਾ ਹਿੱਸਾ ਬਣਾਉਣਾ ਕਿਤੇ ਨਾ ਕਿਤੇ ਕਿਸਾਨ ਸੰਘਰਸ਼ ਨੂੰ ਫਿੱਕਾ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਭਾਜਪਾ ਆਗੂ ਕਿਸਾਨਾਂ ਦੇ ਇਸ ਗ਼ੈਰ ਵਰਤਾਰੇ ਭਰਪੂਰ ਵਿਰੋਧ ਨੂੰ ਲੈ ਕੇ ਜਿੱਥੇ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਉਂਗਲ ਉਠਾ ਰਹੇ ਹਨ ਅਤੇ ਕਈ ਬੇਕਸੂਰ ਕਿਸਾਨ ਕਾਨੂੰਨੀ ਕਾਰਵਾਈਆਂ ’ਚ ਉਲਝ ਰਹੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੀ ਖਟਕੜ ਕਲ੍ਹਾਂ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ’ਚ ਵੀ ਇਸੇ ਕੜੀ ਤਹਿਤ ਵਿਰੋਧ ਕੀਤਾ ਗਿਆ। ਉਪਰੋਕਤ ਵਰਤਾਰੇ ਸਬੰਧੀ ਮੁੱਖ ਕਿਸਾਨ ਆਗੂ ਦਾ ਪੱਖ ਇਸ ਤਰ੍ਹਾਂ ਹੈ -
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਹ ਵਿਰੋਧ ਗੈਰ ਜ਼ਿੰਮੇਵਾਰ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ । ਕਿਸੇ ਵੀ ਭਾਜਪਾ ਆਗੂ ਦੇ ਕੱਪਡ਼ੇ ਪਾਡ਼ਨੇ ਜਾਂ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਜ਼ਲੀਲ ਕਰਨਾ ਸਾਡੇ ਏਜੰਡੇ ’ਚ ਸ਼ਾਮਲ ਨਹੀਂ ਹੈ। ਅਸੀਂ ਸਿਰਫ ਕਾਲੀਆਂ ਝੰਡੀਆਂ ਨਾਲ ਭਾਜਪਾ ਦੇ ਵਿਰੋਧ ਦਾ ਪ੍ਰੋਗਰਾਮ ਉਲੀਕਿਆ ਹੈ। ਬਾਕੀ ਧਿਰਾਂ ਅਤੇ ਕਿਸਾਨ ਮਸਲਿਆਂ ਬਾਰੇ ਸੰਵਾਦ ਕਰਨ ਦੀ ਗੱਲ ਕਹੀ ਹੈ। ਅਸੀਂ ਆਪਣਾ ਏਜੰਡਾ ਸਪੱਸ਼ਟ ਕਰ ਚੁਕੇ ਹਾਂ।
ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਵੀ ਆਦੇਸ਼ ਇਸ ਕਦਰ ਰਾਜਸੀ ਧਿਰਾਂ ਦਾ ਵਿਰੋਧ ਕਰਨ ਦਾ ਨਹੀਂ ਹੈ, ਜਿਸ ਤਰ੍ਹਾਂ ਪਿੰਡਾਂ ’ਚ ਲੋਕ ਕਰ ਰਹੇ ਹਨ। ਅਸੀਂ ਭਾਜਪਾ ਆਗੂਆਂ ਦਾ ਵਿਰੋਧ ਮਹਿਜ ਸ਼ਾਂਤਮਈ ਤਰੀਕੇ ਨਾਲ ਕਾਲੀਆਂ ਝੰਡੀਆਂ ਲੈ ਕੇ ਕਰਨ ਦਾ ਆਦੇਸ਼ ਜਾਰੀ ਕੀਤਾ ਹੈ ਪਰ ਗੈਰ ਕਾਨੂੰਨੀ ਤਰੀਕੇ ਨਾਲ ਕੀਤਾ ਵਿਰੋਧ ਸਾਨੂੰ ਮਨਜ਼ੂਰ ਨਹੀਂ ਹੈ। ਭਾਜਪਾ ਆਗੂ ਇਸ ਮੁਕਾਮ ’ਤੇ ਜਾਣ ਬੁੱਝ ਕੇ ਤਣਾਅ ਪੈਦਾ ਕਰ ਰਹੇ ਹਨ।
ਕਿਸਾਨ ਆਗੂ ਲੱਖਾ ਸਿਧਾਣਾ ਨੇ ਕਿਹਾ ਕਿ ਕਿਸਾਨ ਸੰਘਰਸ਼ ਅੱਜ ਜਿੱਤ ਦੇ ਪੜਾਅ ’ਤੇ ਖੜਾ ਹੈ। ਸਾਨੂੰ ਕਦਮ-ਕਦਮ ’ਤੇ ਸਰਕਾਰੀ ਏਜੰਸੀਆਂ ਅਤੇ ਸੰਘਰਸ਼ ਵਿਰੋਧੀ ਤਾਕਤਾਂ ਤੋਂ ਬੱਚ-ਬੱਚ ਕੇ ਧਰਨਾ ਚਾਹੀਦਾ ਹੈ। ਸਾਨੂੰ ਅਜਿਹੀ ਗਲਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੋ ਸੰਘਰਸ਼ ’ਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਨੁਕਸਾਨਦੇਹ ਹੋਵੇ।
ਇਹ ਵੀ ਪੜ੍ਹੋ: ਭਾਖ਼ੜਾ ਨਹਿਰ 'ਚ ਵਿਅਕਤੀ ਨੇ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ 'ਚ ਦੱਸਿਆ ਮੌਤ ਦਾ ਕਾਰਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ