ਦਿੱਲੀ ਮੋਰਚੇ ਵਿਚ ਕਿਸਾਨਾਂ ਦੀ ਗਿਣਤੀ ਵੱਧਣੀ ਸ਼ੁਰੂ, ਰੋਜ਼ਾਨਾ ਮੋਰਚੇ ''ਚ ਪੁੱਜ ਰਹੇ ਹਜ਼ਾਰਾਂ ਕਿਸਾਨ
Monday, Sep 06, 2021 - 01:44 PM (IST)
ਸਮਰਾਲਾ (ਗਰਗ) : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜੂਝਾਰੂਆਂ ਦੀ ਸ਼ਮੂਲੀਅਤ ਲਗਾਤਾਰ ਮੋਰਚੇ ਨੂੰ ਸਫ਼ਲ ਬਣਾਉਣ ਵਲ ਰੁੱਝੀ ਹੋਈ ਹੈ। ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਬਾਰਡਰਾਂ 'ਤੇ ਅੰਦੋਲਨਕਾਰੀਆਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ ਤੋਂ ਲਗਾਇਆ ਜਾ ਸਕਦਾ ਹੈ। ਇਹ ਪ੍ਰਗਟਾਵਾ ਕਰਦਿਆਂ ਜੱਥੇਬੰਦੀ ਦੇ ਆਗੂਆਂ ਪ੍ਰਗਟ ਸਿੰਘ ਕੋਟ ਪਨੈਚ, ਬਲਦੇਵ ਸਿੰਘ ਬੱਲ, ਹਰਦੀਪ ਸਿੰਘ ਘੁਨਕੜੀ ਨੇ ਸਿੰਘੂ ਬਾਰਡਰ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਰੋਜ਼ਾਨਾ ਹਾਜ਼ਰੀ ਰਜਿਸਟਰ ਵਿੱਚ ਹਾਜ਼ਰੀ ਲਾਉਣ ਦੇ ਨਾਲ-ਨਾਲ ਮੁੱਖ ਪੰਡਾਲ ਵਿੱਚੋਂ ਸਰਗਰਮੀਆਂ 'ਚ ਹਿੱਸਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਵੇਂ ਬਾਰਡਰਾਂ 'ਤੇ ਰੋਜ਼ਾਨਾ ਇਕੱਠ ਵੱਧ ਰਿਹਾ ਹੈ, ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਆਉਦੇ ਦਿਨਾਂ ਵਿੱਚ ਪੰਜਾਬ ਦੇ ਸਮੂਹ ਵਰਗ ਅੰਦੋਲਨ ਵੱਲ ਨੂੰ ਉਮੱੜ ਪੈਣਗੇ, ਜਿਸ ਨਾਲ ਕੇਂਦਰ ਸਰਕਾਰ ਤੇ ਖੇਤੀ ਕਾਨੂੰਨ ਰੱਦ ਕਰਨ ਲਈ ਦਬਾਅ ਵਧੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਤੀਰਥ ਸਿੰਘ ਸਿਹਾਲਾ, ਸਰਪੰਚ ਮੋਹਣ ਸਿੰਘ ਸੈਦਪੁਰ, ਅਵਤਾਰ ਸਿੰਘ ਘਰਖਣਾਂ, ਗੁਰਜੀਤ ਸਿੰਘ ਮਿੱਠੇਵਾਲ, ਤਾਰਾ ਸਿੰਘ, ਪ੍ਰੀਤਮ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਆਦਿ ਨੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਾਨੂੰ ਦੇਸ਼ 'ਚੋਂ ਭਾਜਪਾ ਦਾ ਸਫਾਇਆ ਕਰਨ ਲਈ ਮਜਬੂਰ ਨਾ ਕੀਤਾ ਜਾਵੇ, ਅਸੀਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਾਂ ਅਤੇ ਤੁਰੰਤ ਸਾਡੀਆਂ ਮੰਗਾਂ ਮੰਨੀਆਂ ਜਾਣ।