'ਕਿਸਾਨ' ਮਾਰ ਸਕਦੇ ਨੇ ਅੱਜ ਸਿਆਸਤ 'ਚ ਐਂਟਰੀ, ਕੰਵਲਪ੍ਰੀਤ ਪੰਨੂ ਨੇ ਕੀਤਾ ਵੱਡਾ ਦਾਅਵਾ
Saturday, Dec 25, 2021 - 01:47 PM (IST)
ਚੰਡੀਗੜ੍ਹ : ਕਿਸਾਨਾਂ ਵੱਲੋਂ ਸ਼ਨੀਵਾਰ ਨੂੰ ਸਿਆਸਤ 'ਚ ਐਂਟਰੀ ਮਾਰੀ ਜਾ ਸਕਦੀ ਹੈ। ਇਸ ਬਾਰੇ ਕਿਸਾਨ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਕੰਵਲਪ੍ਰੀਤ ਪੰਨੂ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਜੱਥੇਬੰਦੀ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ ਅਤੇ 117 ਸੀਟਾਂ 'ਤੇ ਆਪਣੇ ਉਮੀਦਵਾਰ ਵੀ ਖੜ੍ਹੇ ਕਰੇਗੀ। ਕੰਵਲਪ੍ਰੀਤ ਪੰਨੂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦਾ ਨਾਂ 'ਸੰਯੁਕਤ ਸਮਾਜ ਪਾਰਟੀ' ਰੱਖਣਾ ਤੈਅ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਦੀ ਪਾਰਟੀ ਦਾ ਸੀ. ਐੱਮ. ਚਿਹਰਾ ਹੋਣਗੇ।
ਕੰਵਲਪ੍ਰੀਤ ਪੰਨੂ ਨੇ ਕਿਹਾ ਕਿ ਸਾਡੀਆਂ 32 ਕਿਸਾਨ ਜੱਥੇਬੰਦੀਆਂ 'ਚੋਂ ਬਹੁਤੀਆਂ ਜੱਥੇਬੰਦੀਆਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਅਸੀਂ ਪੰਜਾਬ ਦਾ ਮਾਹੌਲ ਠੀਕ ਕਰਨ ਲਈ ਕਿਸਾਨ ਜੱਥੇਬੰਦੀਆਂ ਦਾ ਮੋਰਚਾ 117 ਸੀਟਾਂ 'ਤੇ ਚੋਣ ਲੜੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਥੋੜ੍ਹੀ ਦੇਰ ਬਾਅਦ ਜੱਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 'ਸੰਯੁਕਤ ਸਮਾਜ ਮੋਰਚਾ' ਬੈਨਰ ਹੇਠ ਚੋਣਾਂ ਲੜੀਆਂ ਜਾਣਗੀਆਂ।
ਕੰਵਲਪ੍ਰੀਤ ਪੰਨੂ ਨੇ ਕਿਹਾ ਕਿ ਇਸ ਤੋਂ ਬਾਅਦ ਬਕਾਇਦਾ ਚੋਣ ਮੈਨੀਫੈਸਟੋ ਬਣਾਇਆ ਜਾਵੇਗਾ, ਜਿਸ 'ਚ ਆਮ ਜਨਤਾ ਦੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ, ਸਿੱਖਿਆ, ਕੱਚੇ ਮੁਲਾਜ਼ਮਾਂ ਆਦਿ ਬਾਰੇ ਸਾਰੇ ਮਸਲੇ ਚੋਣ ਮੈਨੀਫੈਸਟੋ 'ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਇਹ ਫ਼ੈਸਲਾ ਕਰ ਲਿਆ ਹੈ ਕਿ ਪੰਜਾਬ ਅਤੇ ਪੰਜਾਬ ਦੇ ਕਿਸਾਨ ਨੂੰ ਸੰਕਟ 'ਚੋਂ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦਾ ਕਰਜ਼ਾ ਖ਼ਤਮ ਕੀਤਾ ਜਾਵੇਗਾ ਅਤੇ ਅੱਗੇ ਤੋਂ ਬਿਨਾ ਵਿਆਜ਼ ਦੇ ਕਰਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨਾਲ ਗਠਜੋੜ ਨਹੀਂ ਕੀਤਾ ਜਾਵੇਗਾ, ਸਗੋਂ ਮੋਰਚੇ ਵੱਲੋਂ ਖ਼ੁਦ 117 ਸੀਟਾਂ 'ਤੇ ਚੋਣਾਂ ਲੜੀਆਂ ਜਾਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ