‘ਸਿਰਫ ਭਾਰਤੀ ਜਨਤਾ ਪਾਰਟੀ ਦਾ ਹੀ ਵਿਰੋਧ ਕਾਰਨ ਕਿਸਾਨ’
Saturday, Sep 04, 2021 - 08:40 PM (IST)
ਗੁਰਦਾਸਪੁਰ(ਹਰਮਨ)- ਕਾਲੇ ਖੇਤੀ ਕਾਨੂੰਨਾਂ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਪੱਕਾ ਮੋਰਚਾ 338ਵੇਂ ਦਿਨ ਵਿਚ ਪਹੁੰਚ ਗਿਆ ਹੈ, ਜਿਥੇ ਅੱਜ 256ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਇਸ ਮੋਰਚੇ ’ਤੇ ਡਟੇ ਕਿਸਾਨ ਆਗੂਆਂ ਨੇ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਿਰਫ ਭਾਜਪਾ ਦੀਆਂ ਰੈਲੀਆਂ ਅਤੇ ਮੀਟਿੰਗਾਂ ਦਾ ਹੀ ਵਿਰੋਧ ਕੀਤਾ ਜਾਵੇ।
ਅੱਜ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਕੈਪਟਨ ਗੁਰਜੀਤ ਸਿੰਘ ਬੱਲ, ਕੁਲਵੰਤ ਸਿੰਘ ਬੱਲ, ਬਲਕਾਰ ਸਿੰਘ ਬੱਲ, ਸੁਲੱਖਣ ਸਿੰਘ ਬੱਲ, ਗੁਰਮੇਜ ਸਿੰਘ ਕੰਗ, ਹਰਭਜਨ ਸਿੰਘ ਫਤਿਹਗੜ੍ਹ ਚੂੜੀਆਂ ਨੇ ਭੁੱਖ ਹੜਤਾਲ ਰੱਖੀ। ਧਰਨੇ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਕੋਹਾੜ, ਕਪੂਰ ਸਿੰਘ ਘੁੰਮਣ, ਗੁਰਦਿਆਲ ਸਿੰਘ ਸੋਹਲ, ਐੱਸ. ਪੀ. ਸਿੰਘ ਗੋਸਲ, ਕੁਲਬੀਰ ਸਿੰਘ ਗੁਰਾਇਆ, ਮਲਕੀਤ ਸਿੰਘ ਬੁੱਡਾ ਕੋਟ, ਕੁਲਜੀਤ ਸਿੰਘ ਸਿੱਧਵਾਂ ਜਮੀਤਾ, ਕਰਨੈਲ ਸਿੰਘ ਪੰਛੀ, ਕਰਨੈਲ ਸਿੰਘ ਲੰਬੜਦਾਰ, ਗੁਰਮੀਤ ਸਿੰਘ ਪਾਹੜਾ, ਨਿਰਮਲ ਸਿੰਘ, ਜਗਜੀਤ ਸਿੰਘ ਅਲੂਣਾ ਆਦਿ ਨੇ ਪੰਜਾਬ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਵੱਖ ਵੱਖ ਪਾਰਟੀਆਂ ਵੱਲੋਂ ਸ਼ੁਰੂ ਕੀਤੇ ਚੋਣ ਪ੍ਰਚਾਰ ਦੇ ਝਾਂਸੇ ਵਿੱਚ ਨਾ ਫਸਣ।
ਉਨ੍ਹਾਂ ਕਿਹਾ ਕਿ ਸਮੂਹ ਕਿਸਾਨ ਏਕਤਾ ਬਣਾਈ ਰੱਖਣ ਅਤੇ ਸਿਰਫ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੀ ਕਰਨ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦਾ ਕੰਮ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਤੋਂ ਬਾਅਦ ਸ਼ੁਰੂ ਹੋਣਾ ਚਾਹੀਦਾ ਹੈ। ਇਸ ਲਈ ਕਿਸਾਨ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਵਿਚ ਨਾ ਪਹੁੰਚਣ। ਉਨ੍ਹਾਂ ਕਿਹਾ ਕਿ ਸਮੂਹ ਕਿਸਾਨ ਸਿਰਫ਼ ਦਿੱਲੀ ਮੋਰਚੇ ਦੀ ਸਫ਼ਲਤਾ ਤੇ ਧਿਆਨ ਕੇਂਦਰਤ ਕਰਨ। ਅੱਜ ਰੋਸ ਪ੍ਰਦਰਸ਼ਨ ਦੌਰਾਨ ਮਹਿੰਦਰ ਸਿੰਘ ਲੱਖਣ ਖੁਰਦ, ਦਵਿੰਦਰ ਸਿੰਘ, ਜਸਵੰਤ ਸਿੰਘ, ਸੁਰਜਨ ਸਿੰਘ, ਬਾਵਾ ਦਿੱਤਾ ਆਦਿ ਆਗੂ ਮੌਜੂਦ ਸਨ।