ਲੰਬੀ ਮਾਈਨਰ ਨੂੰ ਬੰਦ ਕਰਨ ਕਰਕੇ ਕਿਸਾਨਾਂ ਨੇ ਕੀਤਾ ਚੱਕਾ ਜਾਮ
Saturday, Aug 12, 2017 - 02:47 AM (IST)

ਅਬੋਹਰ, (ਸੁਨੀਲ)- ਲੰਬੀ ਮਾਈਨਰ ਨੂੰ ਨਹਿਰੀ ਵਿਭਾਗ ਵੱਲੋਂ ਬੀਤੇ ਦਿਨ ਸਫਾਈ ਕਾਰਨਾਂ ਕਾਰਨ ਬੰਦ ਕੀਤੇ ਜਾਣ ਨੂੰ ਲੈ ਕੇ ਦਰਜਨਾਂ ਪਿੰਡਾਂ ਨੂੰ ਨਹਿਰੀ ਪਾਣੀ ਉਪਲਬਧ ਨਾ ਹੋਣ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਕਾਰਨ ਅੱਜ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ 'ਚ ਰਾਜਪੁਰਾ ਦੇ ਫੋਕਲ ਪੁਆਇੰਟ ਤੇ ਹਨੂੰਮਾਨਗੜ੍ਹ ਰੋਡ 'ਤੇ ਧਰਨਾ ਲਾਇਆ।
ਜਾਣਕਾਰੀ ਦਿੰਦੇ ਹੋਏ ਧਰਨੇ 'ਤੇ ਬੈਠੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਤੇ ਭਾਕਿਯੂ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਗੋਦਾਰਾ, ਜ਼ਿਲਾ ਪ੍ਰਧਾਨ ਬੁੱਧਰਾਮ ਬਿਸ਼ਨੋਈ ਨੇ ਦੱਸਿਆ ਕਿ ਇਨ੍ਹਾਂ ਦਿਨਾਂ 'ਚ ਕਿਸਾਨਾਂ ਨੂੰ ਨਰਮੇ ਤੇ ਬਾਗਾਂ ਦੀ ਸਿੰਚਾਈ ਦੇ ਲਈ ਪਾਣੀ ਦੀ ਜ਼ਿਆਦਾ ਲੋੜ ਹੈ ਅਤੇ ਬਰਸਾਤ ਵੀ ਪਿਛਲੇ ਕਈ ਦਿਨਾਂ ਤੋਂ ਨਹੀਂ ਹੋ ਰਹੀ। ਨਹਿਰੀ ਵਿਭਾਗ ਨੇ ਲੰਬੀ ਮਾਈਨਰ ਦੀ ਸਫਾਈ ਦਾ ਬਹਾਨਾ ਬਣਾ ਕੇ ਨਹਿਰ ਨੂੰ ਬੰਦ ਕਰ ਦਿੱਤਾ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਨਰਮੇ ਦੀ ਫਸਲ 'ਤੇ ਵਧ ਰਹੇ ਚਿੱਟੀ ਮੱਖੀ ਦੇ ਹਮਲੇ ਤੇ ਹੋਰ ਬੀਮਾਰੀਆਂ ਤੋਂ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਹਨ। ਨਹਿਰੀ ਵਿਭਾਗ ਨੇ ਹੁਣ ਇਸ ਨਹਿਰ ਨੂੰ ਬੰਦ ਕਰਕੇ ਕਿਸਾਨਾਂ ਨੂੰ ਇਕ ਹੋਰ ਝਟਕਾ ਦਿੱਤਾ ਹੈ, ਜਦਕਿ ਨਹਿਰੀ ਵਿਭਾਗ ਨਰਮੇ ਤੇ ਝੋਨੇ ਦੀ ਫਸਲ ਤੋਂ ਪਹਿਲਾਂ ਵੀ ਨਹਿਰ ਦੀ ਸਫਾਈ ਕਰਵਾ ਸਕਦਾ ਸੀ।
ਉਨਾਂ ਦੱਸਿਆ ਕਿ ਲੰਬੀ ਮਾਈਨਰ ਨੂੰ ਬੰਦ ਕੀਤੇ ਜਾਣ ਨਾਲ ਪਿੰਡ ਭਾਗਸਰ, ਕੁਲਾਰ, ਦੋਦਾ, ਬਹਾਵਵਾਲਾ, ਰਾਮਪੁਰਾ, ਨਾਰਾਇਣਪੁਰਾ, ਬਜੀਦਪੁਰਾ, ਬਿਸ਼ਨਪੁਰਾ ਆਦਿ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਧਰਨੇ ਦੌਰਾਨ ਸੁਭਾਸ਼ ਗੋਦਾਰਾ, ਵਿਕਾਸ ਕੂਕਣਾ, ਵਿਨੋਦ ਡੁੱਡੀ, ਸਰਪੰਚ ਹੇਤਰਾਮ, ਸੁਨੀਲ ਕੁਮਾਰ, ਵਸਾਵਾ ਸਿੰਘ, ਜੈਪਾਲ, ਮੇਜਰ ਸਿੰਘ, ਓਮ ਪ੍ਰਕਾਸ਼ ਦੋਦੇਵਾਲਾ, ਮਹਾਵੀਰ ਕਾਂਸਨੀਆ, ਸੁਨੀਲ ਰਿਣਵਾ ਤੇ ਹੋਰ ਕਿਸਾਨ ਮੌਜੂਦ ਸਨ। ਸੂਚਨਾ ਮਿਲਣ ਉਪਰੰਤ ਮੌਕੇ 'ਤੇ ਪੁੱਜੇ ਨਾਇਬ ਤਹਿਸੀਲਦਾਰ ਬਲਜਿੰਦਰ ਸਿੰਘ ਤੇ ਨਹਿਰੀ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਸਮਝਾਉਂਦੇ ਰਹੇ ਪਰ ਕਿਸਾਨਾਂ ਵੱਲੋਂ ਦੁਪਹਿਰ ਤੱਕ ਧਰਨਾ ਜਾਰੀ ਸੀ ਅਤੇ ਕਿਸਾਨ ਨਹਿਰ 'ਚ ਪਾਣੀ ਛੱਡਣ ਦੀ ਮੰਗ 'ਤੇ ਅੜੇ ਹੋਏ ਸਨ।