ਪੰਜਾਬ ਸਰਕਾਰ ਦਾ ਵੱਡਾ ਐਲਾਨ, ਗੁਲਾਬੀ ਸੁੰਡੀ ਕਾਰਨ ਨਰਮੇ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਦੇਵੇਗੀ ਰਾਹਤ

Saturday, Oct 30, 2021 - 04:03 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਨੇ ਨਰਮਾ ਪੱਟੀ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਵੱਡਾ ਅਤੇ ਅਹਿਮ ਕਦਮ ਚੁੱਕਦੇ ਹੋਏ ਗੁਲਾਬੀ ਸੁੰਡੀ ਨਾਲ ਨੁਕਸਾਨੇ ਗਏ ਨਰਮੇ ਦੇ ਮੁਆਵਜ਼ੇ ਲਈ 416 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਅੱਜ ਪੰਜਾਬ ਭਵਨ ਵਿਖੇ ਮਾਲ ਤੇ ਮੁੜ ਵਸੇਬਾ ਮੰਤਰੀ ਅਰੁਣਾ ਚੌਧਰੀ ਅਤੇ ਖੇਤੀਬਾੜੀ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕੀਤਾ। ਦੋਵਾਂ ਕੈਬਨਿਟ ਮੰਤਰੀਆਂ ਨੇ ਦੱਸਿਆ ਕਿ ਗੁਲਾਬੀ ਸੁੰਡੀ ਨਾਲ ਮਾਨਸਾ, ਸੰਗਰੂਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਵਿੱਚ ਨਰਮੇ ਦਾ ਭਾਰੀ ਨੁਕਸਾਨ ਹੋਇਆ, ਜਿਸ ਕਰਕੇ ਕਿਸਾਨਾਂ ਅਤੇ ਚੁਗਾਈ ਮਜ਼ਦੂਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁੱਲ 4,16,18,07,828 ਰੁਪਏ (ਚਾਰ ਸੌ ਸੋਲਹਾਂ ਕਰੋੜ, ਅਠਾਰਾਂ ਲੱਖ, ਸੱਤ ਹਜ਼ਾਰ, ਅੱਠ ਸੌ ਅਠਾਈ ਰੁਪਏ) ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਇਹ ਰਾਸ਼ੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਰਾਹਤ ਵੱਜੋਂ ਦੇਣ ਲਈ ਦੀਵਾਲੀ ਤੋਂ ਪਹਿਲਾਂ ਡਿਪਟੀ ਕਸ਼ਿਨਰਾਂ ਦੇ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ, ਜਿਸ ਦਾ ਅੱਗੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਸ਼ੀ ਦਾ 10 ਫ਼ੀਸਦੀ ਚੁਗਾਈ ਮਜ਼ਦੂਰਾਂ ਨੂੰ ਰਾਹਤ ਵੱਜੋਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : 27 ਦਿਨਾਂ ਬਾਅਦ ਅੱਜ ਜੇਲ੍ਹ 'ਚੋਂ ਰਿਹਾਅ ਹੋਵੇਗਾ ਆਰੀਅਨ ਖ਼ਾਨ, ਬੇਟੇ ਨੂੰ ਲੈਣ ਸ਼ਾਹਰੁਖ ਖ਼ਾਨ ਖ਼ੁਦ ਜਾਣਗੇ

ਅਰੁਣਾ ਚੌਧਰੀ ਅਤੇ ਰਣਦੀਪ ਸਿੰਘ ਨਾਭਾ ਨੇ ਕਿਹਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਡਟ ਕੇ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਉਸ ਵੱਲੋਂ ਕਿਸਾਨਾਂ ਦੇ ਭਲਾਈ ਲਈ ਹਰ ਕਦਮ ਚੁੱਕਿਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰਾਂ, ਕਿਸਾਨਾਂ ਸਣੇ ਹਰ ਵਰਗ ਦੀ ਭਲਾਈ ਲਈ ਵਚਨਵੱਧ ਹੈ। ਮੁਆਵਜ਼ੇ ਦੀ ਵੰਡ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੋਵਾਂ ਕੈਬਨਿਟ ਮੰਤਰੀਆਂ ਨੇ ਦੱਸਿਆ  ਕਿ ਨਰਮਾ ਪੱਟੀ ਵਿੱਚ ਇਸ ਵਾਰ ਤਕਰੀਬਨ 7 ਲੱਖ 51 ਹਜ਼ਾਰ ਏਕੜ ਰਕਬੇ ਵਿੱਚ ਨਰਮਾ ਬੀਜਿਆ ਗਿਆ ਅਤੇ ਇਸ ਵਿੱਚੋਂ ਤਕਰੀਬਨ ਚਾਰ ਲੱਖ ਏਕੜ ਰਕਬੇ ਵਿੱਚ ਗੁਲਾਬੀ ਸੁੰਡੀ ਨਾਲ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ 26 ਤੋਂ 32 ਫ਼ੀਸਦੀ ਨੁਕਸਾਨ ਲਈ 2000 ਰੁਪਏ ਪ੍ਰਤੀ ਏਕੜ, 33 ਤੋ 75 ਫ਼ੀਸਦੀ ਨੁਕਸਾਨ ਲਈ 5400 ਰੁਪਏ ਪ੍ਰਤੀ ਏਕੜ ਅਤੇ 76 ਤੋਂ 100 ਫ਼ੀਸਦੀ ਨੁਕਸਾਨ ਲਈ 12,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ 'ਕੈਪਟਨ' ਨੂੰ ਲੈ ਕੇ ਨਵੀਂ ਚਰਚਾ, ਹਾਈਕਮਾਨ ਕਰ ਰਹੀ ਮਨਾਉਣ ਦੀ ਤਿਆਰੀ

ਇਹ ਮੁਆਵਜ਼ਾ ਅੱਜ ਤੱਕ ਦਾ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਪਿਛਲੀ ਵਾਰ ਪੂਰੀ ਫ਼ਸਲ ਖ਼ਰਾਬ ਹੋਣ ਲਈ ਕਿਸਾਨਾਂ ਨੂੰ 8000 ਰੁਪਏ ਪ੍ਰਤੀ ਏਕੜ ਅਤੇ ਚੁਗਾਈ ਮਜ਼ਦੂਰਾਂ ਨੂੰ ਰਾਸ਼ੀ ਦਾ 5 ਫ਼ੀਸਦੀ ਦਿੱਤਾ ਗਿਆ ਸੀ। ਕੈਬਨਿਟ ਮੰਤਰੀਆਂ ਅਨੁਸਾਰ ਮਾਨਸਾ ਜ਼ਿਲ੍ਹੇ ਵਿੱਚ 151335 ਏਕੜ ਰਕਬੇ ਨੂੰ 76 ਤੋਂ 100 ਫ਼ੀਸਦੀ ਨੁਕਸਾਨ ਹੋਇਆ ਹੈ। ਇਸ ਵਾਸਤੇ ਇਸ ਜ਼ਿਲ੍ਹੇ ਲਈ 181,60,21,050 ਰੁਪਏ ਦੀ ਰਾਸ਼ੀ ਜਾਰੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਸੰਗਰੂਰ ਵਿੱਚ 145 ਏਕੜ ਨੂੰ 26 ਤੋਂ 32 ਫ਼ੀਸਦੀ, 3693 ਏਕੜ ਨੂੰ 33 ਤੋਂ 75 ਫ਼ੀਸਦੀ ਅਤੇ 180 ਏਕੜ ਨੂੰ 76 ਤੋਂ 100 ਫ਼ੀਸਦੀ ਨੁਕਸਾਨ ਹੋਇਆ ਹੈ ਅਤੇ ਇਸ ਲਈ 224,01,328 ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ 683 ਏਕੜ ਨੂੰ 26 ਤੋਂ 32 ਫ਼ੀਸਦੀ, 85 ਏਕੜ ਨੂੰ 33 ਤੋਂ 75 ਫ਼ੀਸਦੀ ਅਤੇ 188308 ਏਕੜ ਨੂੰ 76 ਤੋਂ 100 ਫ਼ੀਸਦੀ ਨੁਕਸਾਨ ਹੋਇਆ ਹੈ, ਜਿਸ ਦੇ ਲਈ ਬਠਿੰਡਾ ਜ਼ਿਲ੍ਹੇ ਲਈ 226,15,23,700 ਰੁਪਏ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ 'ਚ ਫਾਈਨਾਂਸ ਕੰਪਨੀ ਲੁੱਟਣ ਆਏ ਲੁਟੇਰਿਆਂ ਤੇ ਗਾਰਡ ਵਿਚਾਲੇ ਫਾਇਰਿੰਗ, ਇਕ ਲੁਟੇਰੇ ਦੀ ਮੌਤ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ 1906 ਏਕੜ ਨੂੰ 26 ਤੋਂ 32 ਫ਼ੀਸਦੀ, 7922 ਏਕੜ ਨੂੰ 33 ਤੋਂ 75 ਫ਼ੀਸਦੀ ਅਤੇ 50 ਏਕੜ ਨੂੰ 76 ਤੋਂ 100 ਫ਼ੀਸਦੀ ਨੁਕਸਾਨ ਹੋਇਆ ਹੈ, ਇਸ ਦੇ ਵਾਸਤੇ 4,71,90,800 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਬਰਨਾਲਾ ਜ਼ਿਲ੍ਹੇ ਵਿੱਚ 143 ਏਕੜ ਨਰਮੇ ਨੂੰ 26 ਤੋਂ 32 ਫ਼ੀਸਦੀ, 2639 ਏਕੜ ਨੂੰ 33 ਤੋਂ 75 ਫ਼ੀਸਦੀ ਅਤੇ 11 ਏਕੜ ਨੂੰ 76 ਤੋਂ 100 ਫ਼ੀਸਦੀ ਨੁਕਸਾਨ ਹੋਇਆ ਹੈ। ਇਸ ਲਈ ਬਰਨਾਲਾ ਵਾਸਤੇ 1,46,70,950 ਰੁਪਏ ਦੀ ਰਾਹਤ ਦੀ ਵਿਵਸਥਾ ਕੀਤੀ ਗਈ ਹੈ। ਮੰਤਰੀਆਂ ਨੇ ਇਹ ਵੀ ਦੱਸਿਆ ਕਿ ਇਸ ਰਾਸ਼ੀ ਵਿੱਚੋਂ ਨਰਮੇ ਦੇ ਚੁਗਾਈ ਕਰਨ ਵਾਲੇ ਮਜ਼ਦੂਰਾਂ ਲਈ 10 ਫ਼ੀਸਦੀ ਰਾਹਤ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News