ਕਣਕ ਦੀ ਵਾਢੀ ਸਮੇਂ ਹਾਦਸਿਆਂ ਤੋਂ ਇੰਝ ਬਚਣ ਕਿਸਾਨ

Saturday, Apr 04, 2020 - 03:45 PM (IST)

ਲੁਧਿਆਣਾ (ਸਰਬਜੀਤ ਸਿੱਧੂ) : ਪੰਜਾਬ 'ਚ ਕਣਕ ਦੀ ਵਾਢੀ ਲਗਭਗ ਸ਼ੁਰੂ ਹੋਣ ਵਾਲੀ ਹੈ। ਇਸ ਦੌਰਾਨ ਪਿਛਲੇ ਕਈ ਸਮਿਆਂ ਤੋਂ ਦੇਖਿਆ ਗਿਆ ਕਿ ਕਿਸਾਨ ਜਾਂ ਕਣਕ ਦੀ ਫਸਲ ਹਾਦਸਾਗ੍ਰਸਤ ਹੋਈ ਹੈ। ਇਸ ਤੋਂ ਬਚਾਅ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਪਹਿਲਾਂ ਵੀ ਜਾਣਕਾਰੀ ਦੇ ਕੇ ਕਿਸਾਨ ਭਰਾਵਾਂ ਨੂੰ ਹਾਦਸਿਆਂ ਤੋਂ ਬਚਣ ਲਈ ਆਗਾਹ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾ. ਨਰੇਸ਼ ਕੁਮਾਰ ਛੁਨੇਜਾ ਨੇ ਦੱਸਿਆ ਕਿ ਫਸਲਾਂ ਦੀ ਵਾਢੀ ਜਾਂ ਹਰ ਕਿਸਮ ਦੇ ਹਾਦਸਿਆਂ ਤੋਂ ਬਚਣ ਲਈ ਯੂਨੀਵਰਸਿਟੀ ਦੇ ਮਾਹਿਰ ਲਿਖਤੀ ਰੂਪ 'ਚ ਪ੍ਰਕਾਸ਼ਿਤ ਕਰਨ ਦੇ ਨਾਲ ਨਾਲ ਪਿੰਡਾਂ 'ਚ ਜਾ ਕੇ ਵੀ ਕਿਸਾਨਾਂ ਨੂੰ ਹਾਦਸਿਆਂ ਦੇ ਕਾਰਣ ਅਤੇ ਹਾਦਸਿਆਂ ਤੋਂ ਬਚਣ ਲਈ ਜਾਣਕਾਰੀ ਦਿੰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਹਾਦਸਿਆਂ ਦੇ ਅਸਲ ਕਾਰਣ ਅਣਗਹਿਲੀਆਂ ਅਤੇ ਕਈ ਵਾਰ ਮੁਰੰਮਤ ਅਧੀਨ ਮਸ਼ੀਨਰੀ ਵੀ ਹੈ।

ਕਿਸਾਨ ਸਾਵਧਾਨੀਆਂ ਵਰਤ ਕੇ ਹੀ ਹਾਦਸਿਆਂ ਤੋਂ ਬਚ ਸਕਦਾ
ਬਹੁਤ ਸਾਰੇ ਪੰਜਾਬ ਦੇ ਪਿੰਡਾਂ ਨੇ ਕਣਕ ਨੂੰ ਲੱਗੀ ਅੱਗ ਬੁਝਾਉਣ ਲਈ ਪੰਚਾਇਤ ਪੱਧਰ 'ਤੇ ਫਾਇਰ ਬ੍ਰਿਗੇਡ ਗੱਡੀਆਂ ਵੀ ਰੱਖੀਆਂ ਹਨ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਵਾਢੀ ਵਾਲੇ ਸਮਿਆਂ 'ਚ ਕਿਸਾਨਾਂ ਨੂੰ ਟਰੈਕਟਰ ਨਾਲ ਸਪਰੇਅ ਕਰਨ ਵਾਲੀਆਂ ਟੈਂਕੀਆਂ ਪਾਣੀ ਨਾਲ ਭਰ ਕੇ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਹਾਦਸਾ ਵਾਪਰਨ 'ਤੇ ਵਰਤੀਆਂ ਜਾ ਸਕਣ। ਖੇਤ 'ਚ ਅਣਜਾਣਿਆ ਵੀ ਕਿਸੇ ਪ੍ਰਕਾਰ ਦੀ ਲੋਹੇ ਦੀ ਚੀਜ਼ ਨਹੀਂ ਸੁੱਟਣੀ ਚਾਹੀਦੀ। ਇਸ ਨਾਲ ਕਈ ਪ੍ਰਕਾਰ ਦੀਆਂ ਮਸ਼ੀਨਾਂ ਜਿਵੇਂ ਕਿ ਤੂੜੀ ਬਣਾਉਣ ਵਾਲੀ ਮਸ਼ੀਨ ਜਿਸਦਾ ਬਲੇਡ ਲੱਗਭੱਗ ਜ਼ਮੀਨ ਨਾਲ ਲੱਗ ਕੇ ਚੱਲਦਾ ਹੈ। ਉਸ ਨਾਲ ਜੇਕਰ ਕੋਈ ਜ਼ਮੀਨ 'ਤੇ ਪਈ ਲੋਹੇ ਦੀ ਚੀਜ਼ ਟਕਰਾ ਗਈ ਤਾਂ ਅੰਗਾਰੇ ਪੈਦਾ ਹੋ ਸਕਦੇ ਹਨ। ਕਿਸਾਨ ਸਾਵਧਾਨੀਆਂ ਵਰਤ ਕੇ ਹੀ ਹਾਦਸਿਆਂ ਤੋਂ ਬਚ ਸਕਦਾ ਹੈ।

PunjabKesari

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਵਾਢੀ ਸਮੇਂ ਵਾਪਰਨ ਵਾਲੇ ਹਾਦਸਿਆਂ ਦੀ ਜਾਣਕਾਰੀ ਅਤੇ ਹਦਾਇਤਾਂ ਇਸ ਪ੍ਰਕਾਰ ਹਨ।
ਅੱਗ ਲੱਗਣ ਤੋਂ ਬਚਾਅ ਲਈ ਹਦਾਇਤਾਂ
1. ਟਰੈਕਟਰ ਜਾਂ ਇੰਜਣ ਦੀ ਵਰਤੋਂ ਸਮੇਂ ਇਸ ਦਾ ਸਾਇਲੈਂਸਰ ਉੱਪਰ ਨੂੰ ਰੱਖਣਾ ਬਹੁਤ ਜ਼ਰੂਰੀ ਹੈ ।
2. ਫ਼ਸਲ ਦੀ ਗਹਾਈ ਦਾ ਕੰਮ ਬਿਜਲੀ ਦੀਆਂ ਤਾਰਾਂ ਤੋਂ ਦੂਰ ਅਤੇ ਇਹ ਤਾਰਾਂ ਕੰਬਾਈਨ ਦੀ ਛਤਰੀ ਤੋਂ ਕਾਫ਼ੀ ਉੱਚੀਆਂ ਹੋਣੀਆਂ ਚਾਹੀਦੀਆਂ ਹਨ।
3. ਫਸਲ ਦੀ ਕਟਾਈ ਸਮੇਂ ਲੱਗੀ ਅੱਗ ਨੂੰ ਕਾਬੂ ਕਰਨ ਵਾਸਤੇ ਪਾਣੀ ਅਤੇ ਮਿੱਟੀ ਦਾ ਪ੍ਰਬੰਧ ਪਹਿਲਾਂ ਕਰ ਕੇ ਰੱਖਣਾ ਚਾਹੀਦਾ ਹੈ।
4. ਫਸਲ ਦੇ ਨਾੜ ਨੂੰ ਅੱਗ ਨਾ ਲਾ ਕੇ ਮਸ਼ੀਨ ਨਾਲ ਤੂੜੀ ਬਣਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ ► ਕੇਂਦਰ ਸਰਕਾਰ ਨੇ ਸਿਰਫ ਛੋਟੇ ਖੇਤੀਬਾੜੀ ਕਰਜ਼ਿਆਂ ਦੀਆਂ ਵਿਆਜ਼ ਦਰਾਂ 'ਚ ਹੀ ਦਿੱਤੀ ਛੋਟ

ਟਰੈਕਟਰ ਟਰਾਲੀ ਚਲਾਉਂਦੇ ਸਮੇਂ ਹਾਦਸੇ ਰੋਕਣ ਲਈ ਹਦਾਇਤਾਂ
1. ਕਿਸਾਨਾਂ ਨੂੰ ਹਮੇਸ਼ਾ ਡਰਾਈਵਰ ਦੀ ਸੁਰੱਖਿਆ ਦੇ ਢਾਂਚੇ ਵਾਲਾ ਟਰੈਕਟਰ ਹੀ ਖਰੀਦਣਾ ਚਾਹੀਦਾ ਹੈ।
2.ਟਰੈਕਟਰਾਂ ਅਤੇ ਟਰਾਲੀਆਂ ਪਿੱਛੇ ਤਿਕੋਨਾ ਰਿਫਲੈਕਟਰ ਬਹੁਤ ਜ਼ਰੂਰੀ ਹੈ।
3.ਤੂੜੀ ਜਾਂ ਕਪਾਹ ਦੀਆਂ ਛਿਟੀਆਂ ਦੀ ਢੋਆ ਢੁਆਈ ਸਮੇਂ ਟਰਾਲੀ ਨੂੰ ਜ਼ਿਆਦਾ ਚੌੜਾਈ ਵਿਚ ਨਹੀਂ ਲੱਦਣਾ ਚਾਹੀਦਾ ਅਤੇ ਇਸ ਲਈ ਉਚੇਚੇ ਤੌਰ 'ਤੇ ਲਾਈਟਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
4. ਜੇਕਰ ਟਰਾਲੀ 'ਚ ਜ਼ਿਆਦਾ ਵਜ਼ਨ ਹੋਵੇ ਤਾਂ ਟਰੈਕਟਰ ਅੱਗੋਂ ਖੜ੍ਹਾ ਹੋ ਕੇ ਪਲਟਾ ਨਾ ਖਾਵੇ ਇਸ ਲਈ ਅਗਲੇ ਹਿੱਸੇ ਨੂੰ ਭਾਰਾ ਕਰ ਲੈਣਾ ਬਹੁਤ ਜ਼ਰੂਰੀ ਹੈ।
5.ਟਰਾਲੀ ਵਿਚ ਭਾਰ ਵਾਲਾ ਸਾਮਾਨ ਲੈ ਕੇ ਉੱਚੇ ਪੁਲ ਤੋਂ ਲੰਘਦਿਆਂ ਵਿਚਾਲੇ ਗੇਅਰ ਨਹੀਂ ਬਦਲਣਾ ਚਾਹੀਦਾ ।
6.ਰੇਲ ਦੀਆਂ ਲਾਈਨਾਂ ਪਾਰ ਕਰਦੇ ਸਮੇਂ ਸੱਜੇ-ਖੱਬੇ ਜ਼ਰੂਰ ਵੇਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ ►  ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ’ਚ ਵਿਸਾਖੀ ਨੂੰ ਲੈ ਕੇ ਲਿਆ ਗਿਆ ਅਹਿਮ ਫੈਸਲਾ

ਥਰੈੱਸ਼ਰ ਦੇ ਹਾਦਸਿਆਂ ਤੋਂ ਬਚਣ ਲਈ ਜ਼ਰੂਰੀ ਹਦਾਇਤਾਂ
1
. ਥਰੈੱਸ਼ਰਾਂ ਜਾਂ ਹੜੰਬਿਆਂ 'ਤੇ ਕੰਮ ਕਰਦਿਆਂ ਖੁੱਲ੍ਹੇ ਕੱਪੜੇ, ਕੜਾ, ਘੜੀ ਆਦਿ ਨਹੀਂ ਪਾਉਣਾ ਚਾਹੀਦਾ।
2. ਕਦੇ ਵੀ ਨਸ਼ਾ ਖਾ ਪੀ ਕੇ ਥਰੈੱਸ਼ਰ ਨਾ ਚਲਾਓ।
3. ਸੁਰੱਖਿਆ ਪਰਨਾਲੇ ਦੀ ਘੱਟੋ ਘੱਟ ਲੰਬਾਈ 90 ਸੈਂਟੀਮੀਟਰ ਹੋਣੀ ਚਾਹੀਦੀ ਹੈ ਅਤੇ 45 ਸੈਂਟੀਮੀਟਰ ਤਕ ਢਕਿਆ ਹੋਵੇ। ਇਸ ਦੀ ਢਾਲ ਦਾ ਅੱਗਿਓਂ 5 ਡਿਗਰੀ ਕੋਣ ਹੋਣਾ ਬਹੁਤ ਜ਼ਰੂਰੀ ਹੈ।
4. ਇੱਕ ਆਦਮੀ ਨੂੰ ਥਰੈੱਸ਼ਰ 'ਤੇ ਦਸ ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਨਾ ਚਾਹੀਦਾ।
5. ਕੰਮ ਕਰਦਿਆਂ ਨਾ ਤਾਂ ਗੱਲਾਂ ਵਿਚ ਰੁਝਣਾ ਅਤੇ ਨਾ ਆਸੇ ਪਾਸੇ ਧਿਆਨ ਦੇਣਾ ਚਾਹੀਦਾ ਹੈ।
6. ਰਹਿੰਦ ਖੂੰਹਦ ਨੂੰ ਥਰੈੱਸ਼ਰ ਵਿਚ ਪਾਉਣ ਤੋਂ ਹਮੇਸ਼ਾ ਸੰਕੋਚ ਕਰੋ। ਇਸ ਤਰ੍ਹਾਂ ਸਿੱਲੀ ਫ਼ਸਲ ਵੀ ਨਹੀਂ ਪਾਉਣੀ ਚਾਹੀਦੀ ਕਿਉਂਕਿ ਇਸ ਨਾਲ ਅੱਗ ਲੱਗਣ ਦਾ ਹਾਦਸਾ ਹੋ ਸਕਦਾ ਹੈ। ਛੋਟੀ ਫ਼ਸਲ ਨੂੰ ਰੁੱਗ ਲਾਉਣ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ।
7. ਟਰੈਕਟਰ ਦੇ ਧੂੰਏਂ ਵਾਲਾ ਪਾਈਪ ਸਿੱਧਾ ਉੱਪਰ ਨੂੰ ਹੋਣਾ ਬਹੁਤ ਜ਼ਰੂਰੀ ਹੈ ।
8. ਬਿਜਲੀ ਦੀ ਮੋਟਰ ਨੂੰ ਬੰਦ ਕਰਨ ਵਾਲਾ ਸਵਿੱਚ ਕੰਮ ਕਰਨ ਵਾਲੇ ਦੇ ਨੇੜੇ ਹੋਣਾ ਚਾਹੀਦਾ ਹੈ ਤਾਂ ਕਿ ਸੰਕਟ ਦੀ ਹਾਲਤ ਵਿਚ ਮੋਟਰ ਤੁਰੰਤ ਬੰਦ ਕੀਤੀ ਜਾ ਸਕੇ।
9. ਪਟੇ ਦੇ ਉੱਪਰੋਂ ਜਾਂ ਨੇੜੇ ਦੀ ਨਹੀਂ ਲੰਘਣਾ ਚਾਹੀਦਾ।
10. ਥਰੈੱਸ਼ਰ ਨੂੰ ਹਮੇਸ਼ਾ ਬਿਜਲੀ ਦੀਆਂ ਤਾਰਾਂ ਆਦਿ ਤੋਂ ਦੂਰ ਫਿੱਟ ਕਰਨਾ ਚਾਹੀਦਾ ਹੈ ।
11. ਮੱਲ੍ਹਮ ਪੱਟੀ ਆਦਿ ਦਾ ਸਾਮਾਨ ਵੀ ਕੋਲ ਰੱਖਣਾ ਚਾਹੀਦਾ ਹੈ ।

ਇਹ ਵੀ ਪੜ੍ਹੋ ► ਭਾਰਤ ਤੇ ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, ਅਪ੍ਰੈਲ ਦੇ ਪਹਿਲੇ ਹਫ਼ਤੇ ਮਿਲਣਗੇ 2000 ਰੁਪਏ

ਪੰਜਾਬ ਸਰਕਾਰ ਦੁਆਰਾ ਪੰਜਾਬ ਮੰਡੀ ਬੋਰਡ ਰਾਹੀਂ ਹਾਦਸਾਗ੍ਰਸਤ ਹੋਣ ਵਾਲੇ ਖੇਤੀਬਾੜੀ ਕਿਸਾਨਾਂ ਅਤੇ ਕਾਮਿਆਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ।
ਹਾਦਸੇ ਜਿਵੇਂ ਕਿ
1
. ਮੌਤ ਹੋ ਜਾਣ 'ਤੇ ਦੋ ਲੱਖ ਰੁਪਏ
2. ਦੋਵੇਂ ਲੱਤਾਂ ਦੋਵੇਂ ਬਾਹਵਾਂ ਜਾਂ ਦੋਵੇਂ ਪੈਰ ਵੱਢੇ ਜਾਣ 'ਤੇ ਸੱਠ ਹਜ਼ਾਰ ਰੁਪਏ
3. ਇੱਕ ਲੱਤ ਇਕ ਬਾਂਹ ਇੱਕ ਪੈਰ ਜਾਂ ਇੱਕ ਹੱਥ ਵੱਢੇ ਜਾਣ 'ਤੇ ਚਾਲੀ ਹਜ਼ਾਰ ਰੁਪਏ
4. ਚਾਰੇ ਉਂਗਲਾਂ ਵੱਢੀਆਂ ਜਾਣ 'ਤੇ ਚਾਲੀ ਹਜ਼ਾਰ ਰੁਪਏ
5. ਇੱਕ ਉਂਗਲ ਵੱਢੀ ਜਾਣ 'ਤੇ ਦਸ ਹਜ਼ਾਰ ਰੁਪਏ
6. ਸਰੀਰਕ ਅੰਗਾਂ ਦੇ 25 ਪ੍ਰਤੀਸ਼ਤ ਤੋਂ ਵੱਧ ਨਕਾਰਾ ਹੋਣ 'ਤੇ ਪੰਜਾਹ ਹਜ਼ਾਰ ਤੋਂ ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ ।

ਹਾਦਸਾਗ੍ਰਸਤ ਲਈ ਫਾਰਮ ਭਰਨ ਦਾ ਤਰੀਕਾ ਇਸ ਪ੍ਰਕਾਰ ਹੈ
1
. ਮੰਡੀ ਬੋਰਡ ਦੀ ਸਕੀਮ ਮੁਤਾਬਕ ਹਾਦਸੇ ਦਾ ਸ਼ਿਕਾਰ ਜਾਂ ਉਸ ਦੇ ਨੇੜੇ ਦੇ ਰਿਸ਼ਤੇਦਾਰ ਨੂੰ ਹਾਦਸੇ ਤੋਂ ਤੀਹ ਦਿਨਾਂ ਦੇ 'ਚ ਫਾਰਮ ਭਰਨਾ ਹੁੰਦਾ ਹੈ ਜੇ ਦੇਰ ਹੋ ਜਾਵੇ ਤਾਂ ਉਸ ਦਾ ਕਾਰਣ ਦੱਸਣਾ ਪੈਂਦਾ ਹੈ।
2.ਇਸ ਫਾਰਮ ਵਿਚ ਸ਼ਿਕਾਰ ਹੋਏ ਵਿਅਕਤੀ ਦਾ ਵੇਰਵਾ ਅਤੇ ਸੱਟ ਦੀ ਮਿਕਦਾਰ ਦੱਸਣੀ ਪੈਂਦੀ ਹੈ।
3. ਇਹ ਫਾਰਮ ਸਰਪੰਚ ਅਤੇ ਪੰਚਾਇਤ ਦੇ ਦੋ ਮੈਂਬਰਾਂ ਜਾਂ ਮਿਊਂਸੀਪਲ ਕਮਿਸ਼ਨਰ ਤੋਂ ਤਸਦੀਕ ਕਰਵਾਉਣਾ ਪੈਂਦਾ ਹੈ।
4.ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਹਾਦਸੇ ਦੀ ਪੁਲਸ ਰਿਪੋਰਟ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟ, ਪਟਵਾਰੀ ਜਾਂ ਤਹਿਸੀਲਦਾਰ ਤੋਂ ਵੀ ਤਸਦੀਕ ਕਰਵਾਉਣਾ ਪੈਂਦਾ ਹੈ।
5. ਜੇ ਇਲਾਜ ਹੋਇਆ ਹੋਵੇ ਤਾਂ ਸੱਟ ਦਾ ਵੇਰਵਾ ਡਾਕਟਰ ਦੀ ਰਿਪੋਰਟ ਵਿਚ ਹੋਣਾ ਚਾਹੀਦਾ ਹੈ ।
6.ਜੇ ਹਾਦਸੇ ਦਾ ਸ਼ਿਕਾਰ ਵਿਅਕਤੀ ਅਪੰਗ ਹੋ ਜਾਵੇ ਤਾਂ ਚੀਫ ਮੈਡੀਕਲ ਅਫਸਰ ਦਾ ਸਰਟੀਫਿਕੇਟ ਨਾਲ ਲਾਉਣਾ ਬਹੁਤ ਜ਼ਰੂਰੀ ਹੈ।
7.ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਹਲਫੀਆ ਬਿਆਨ ਵੀ ਦੇਣਾ ਪਵੇਗਾ ਕਿ ਉਹ ਕਿਸੇ ਅਦਾਰੇ ਤੋਂ ਮਾਲੀ ਸਹਾਇਤਾ ਨਹੀਂ ਮੰਗ ਰਿਹਾ।


Anuradha

Content Editor

Related News