ਦੇਸ਼ ਭਰ ਦੇ ਕਿਸਾਨਾਂ ਨੇ ਮੁੜ ਸਰਕਾਰ ਨੂੰ ਦਹਾੜਿਆ, 500 ਥਾਵਾਂ ’ਤੇ ਕੱਢਿਆ ਟਰੈਕਟਰ ਮਾਰਚ

Friday, Jan 26, 2024 - 05:23 PM (IST)

ਦੇਸ਼ ਭਰ ਦੇ ਕਿਸਾਨਾਂ ਨੇ ਮੁੜ ਸਰਕਾਰ ਨੂੰ ਦਹਾੜਿਆ, 500 ਥਾਵਾਂ ’ਤੇ ਕੱਢਿਆ ਟਰੈਕਟਰ ਮਾਰਚ

ਸਮਰਾਲਾ (ਗਰਗ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੇਸ਼ ਭਰ ਦੇ ਕਿਸਾਨਾਂ ਨੇ ਮੁੜ ਦਹਾੜਦਿਆਂ ਸਰਕਾਰ ਨੂੰ ਚਿਤਵਾਨੀ ਜਾਰੀ ਕੀਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਪ੍ਰਵਾਨ ਹੋਈਆ ਤਾਂ ਕਿਸਾਨ ਫਿਰ ਤੋਂ ਵੱਡਾ ਅੰਦੋਲਨ ਸ਼ੁਰੂ ਕਰਨਗੇ। ਦੇਸ਼ ਦੀਆਂ 37 ਕਿਸਾਨ ਜਥੇਬੰਦੀਆਂ ਨੇ ਕਿਸਾਨੀ ਮੰਗਾਂ ਨਾ ਪੂਰੀਆ ਕਰਨ ਦੇ ਰੋਸ ਵਜੋਂ ਤਿੰਨ ਸਾਲ ਬਾਅਦ ਫਿਰ ਤੋਂ ਸਰਕਾਰ ਨੂੰ ਹਲੂਣਾ ਦੇਣ ਲਈ ਗਣਤੰਤਰ ਦਿਵਸ ਮੌਕੇ ’ਤੇ ਪੰਜਾਬ ਭਰ ਵਿਚ 100 ਥਾਵਾਂ ਸਮੇਤ ਪੂਰੇ ਦੇਸ਼ ਵਿਚ 500 ਥਾਵਾਂ ’ਤੇ ਟਰੈਕਟਰ ਮਾਰਚ ਕੱਢਿਆ ਗਿਆ। 

PunjabKesari

ਪੰਜਾਬ ਦੀਆਂ ਦੋ ਪ੍ਰਮੁੱਖ ਕਿਸਾਨ ਜਥੇਬੰਦੀਆਂ ਦਾ ਹੈੱਡ ਕੁਆਟਰ ਸਮਝੇ ਜਾਂਦੇ ਸਮਰਾਲਾ ਦੇ ਮਾਲਵਾ ਕਾਲਜ ਤੋਂ ਟਰੈਕਟਰ ਮਾਰਚ ਸ਼ੁਰੂ ਕਰਨ ਸਮੇਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ, ''ਦੇਸ਼ ਦੀਆਂ ਸਰਕਾਰਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਭੁਲ ਕੇ ਧਨਾਢ ਕਾਰਪੋਰੇਟ ਅਦਾਰਿਆਂ ਦੇ ਹੱਕ ਵਿਚ ਨੀਤੀਆਂ ਬਣਾ ਰਹੀਆਂ ਹਨ, ਜੋ ਕਿ ਦੇਸ਼ ਲਈ ਅਤੀ ਘਾਤਕ ਹੈ ਅਤੇ ਸੰਸਾਰ ਭਰ ਦੇ ਸਾਰੇ ਦੇਸ਼ਾਂ ਵਿਚ ਕਾਰਪੋਰੇਟ ਅਦਾਰਿਆਂ ਵਿਰੁੱਧ ਰੋਹ ਜਾਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਮੌਜੂਦਾ ਲੋਕ ਮੁੱਦਿਆਂ ਜਿਵੇ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਵਰਗੇ ਮਸਲੇ ਹੱਲ ਕਰਨ ਦੀ ਬਜਾਏ ਦੇਸ਼ ਨੂੰ ਤੌੜਨ ਦੀ ਗੱਲ ਕਰ ਰਹੀ ਹੈ। ਰਾਜੇਵਾਲ ਨੇ ਕਿਹਾ ਕਿ ਅੱਜ ਦੇ ਟਰੈਕਟਰ ਮਾਰਚ ਦਾ ਉਦੇਸ਼ ਕਿਸਾਨਾਂ ਦੀ ਇੱਕਜੁਟਤਾ ਸਾਬਤ ਕਰਨ ਅਤੇ ਤਿੰਨ ਲੱਖ ਕਰੋੜ ਰੁਪਇਆ ਕਾਰਪੋਰੇਟ ਅਦਾਰਿਆ ਦਾ ਮੁਆਫ਼ ਕਰਨ ਵਾਲੀ ਸਰਕਾਰ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਸਾਰੀਆਂ ਫ਼ਸਲਾਂ ’ਤੇ ਸਮਰਥਨ ਮੁੱਲ ਤੇ ਕਿਸਾਨੀ ਕਰਜਿਆਂ ਦੀ ਮੁਆਫ਼ੀ ਦਾ ਚੇਤਾ ਕਰਵਾਉਣਾ ਹੈ।

PunjabKesari

ਇਸ ਮੌਕੇ ’ਤੇ ਕਿਸਾਨ ਜਥੇਬੰਦੀ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ, ''ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੋਂ ਬਾਅਦ ਕਿਸਾਨੀ ਮੰਗਾਂ ਜਿਵੇਂ ਸਾਰੇ ਕਿਸਾਨੀ ਕਰਜ਼ੇ ਦੀ ਮੁਆਫ਼ੀ, ਖੇਤੀ ਆਮਦਨ ਦੁਗਣੀ ਕਰਨ ਦਾ ਵਾਅਦਾ ਪੂਰਾ ਕਰਵਾਉਣ। ਦੇਸ਼ ਭਰ ਵਿੱਚ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੇ ਸਵਾਮੀ ਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਵਾਉਣ ਸਮੇਤ ਕਈ ਹੋਰ ਪ੍ਰਮੁੱਖ ਮੰਗਾਂ ਕਿਸਾਨੀ ਦੇ ਵਾਅਦੇ ਪੂਰੇ ਨਾ ਕਰਨ ਵਾਲੀ ਸਰਕਾਰ ਨੂੰ ਜਗਾਉਣ ਲਈ ਅੱਜ ਦੇਸ਼ ਭਰ ਦੇ ਕਿਸਾਨ ਟਰੈਕਟਰ ਲੈ ਕੇ ਸੜਕਾਂ ’ਤੇ ਉਤਰੇ ਹਨ। ਉਨ੍ਹਾਂ ਕਿਹਾ ਕਿ, ਕਿਸਾਨੀ ਮੰਗਾਂ ਦੀ ਪੂਰਤੀ ਲਈ ਸਰਕਾਰ ਨੂੰ ਕੁਭਕਰਨੀ ਨੀਂਦ ਤੋਂ ਜਗਾਉਣ ਲਈ 16 ਫ਼ਰਵਰੀ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ਨੇ 28 ਜਨਵਰੀ ਨੂੰ ਲੁਧਿਆਣਾ ਵਿਖੇ ਮੀਟਿੰਗ ਸੱਦ ਲਈ ਹੈ।'' 

PunjabKesari

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਕੱਤਰ ਜਨਰਲ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਜ਼ਿਲਾ ਪ੍ਰਧਾਨ ਮਨਜੀਤ ਸਿੰਘ ਢੀਡਸਾ ਨੇ ਕਿਹਾ ਕਿ, ''ਅੱਜ ਦੇ ਟਰੈਕਟਰ ਮਾਰਚ ਵਿਚ ਆਪਣੀਆਂ ਮੰਗਾਂ ਲਈ ਸ਼ਾਮਲ ਹੋਏ ਕਿਸਾਨਾਂ ਦਾ ਰੋਹ ਅਤੇ ਵਿਸ਼ਾਲ ਕਾਫਲਾ ਵੇਖ ਕੇ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਸਾਰੀਆਂ ਮੰਗਾਂ ਪ੍ਰਵਾਨ ਕਰ ਲੈਣੀਆ ਚਾਹੀਦੀਆਂ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News