ਸੀਵਰੇਜ ਟਰੀਟਮੈਂਟ ਪਲਾਂਟ ਦੇ ਖਾਲ ਟੁੱਟਣ ਕਾਰਨ ਖੇਤਾਂ ''ਚ ਭਰੇ ਪਾਣੀ ਨਾਲ ਕਿਸਾਨਾਂ ਦਾ ਹੋਇਆ ਨੁਕਸਾਨ
Sunday, Jun 17, 2018 - 02:40 AM (IST)
ਮਾਨਸਾ(ਸੰਦੀਪ ਮਿੱਤਲ)-ਮਾਨਸਾ ਸਿਰਸਾ ਰੋਡ 'ਤੇ ਲੱਗੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਟੁੱਟੇ ਖਾਲ ਦਾ ਗੰਦਾ ਪਾਣੀ ਸੀਵਰੇਜ ਮਹਿਕਮੇ ਦੇ ਯਤਨਾਂ ਸਦਕਾ ਤੀਜੇ ਦਿਨ ਵੀ ਖੇਤਾਂ 'ਚੋਂ ਨਿਕਲ ਨਹੀਂ ਸਕਿਆ ਪਰ ਖੇਤਾਂ ਤੇ ਘਰਾਂ 'ਚ ਖੜ੍ਹੇ ਗੰਦੇ ਪਾਣੀ ਦਾ ਪੱਧਰ ਥੋੜ੍ਹਾ-ਬਹੁਤਾ ਨੀਵਾਂ ਹੋ ਗਿਆ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਸੀਵਰੇਜ ਮਹਿਕਮੇ ਵੱਲੋਂ ਗੰਦੇ ਪਾਣੀ ਨੂੰ ਕੱਢਣ ਲਈ ਸਿਰਫ ਇਕ ਮੋਟਰ ਲਾ ਰੱਖੀ ਹੈ। ਉਸ ਦੀਆਂ ਵੀ ਪਾਈਪਾਂ ਫਟੀਆਂ ਹੋਈਆਂ ਹਨ ਜਦਕਿ 2 ਜਾਂ 3 ਪਾਣੀ ਕੱਢਣ ਵਾਲੀਆਂ ਮੋਟਰਾਂ ਦੀ ਹੋਰ ਲੋੜ ਹੈ। ਅੱਜ ਤੀਜੇ ਦਿਨ ਵੀ ਗੰਦਾ ਪਾਣੀ ਫੈਲਣ ਕਾਰਨ ਲੋਕਾਂ ਦੇ ਘਰਾਂ ਅਤੇ ਬਾਹਰੀ ਖੇਤਰ 'ਚ ਬਦਬੂ ਫੈਲੀ ਰਹੀ ਅਤੇ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਹੈ, ਜਿਸ ਨਾਲ ਤੰਦਰੁਸਤ ਪੰਜਾਬ ਮਿਸ਼ਨ ਨੂੰ ਕਾਫੀ ਧੱਕਾ ਲੱਗ ਸਕਦਾ ਹੈ।
ਕੀ ਹੈ ਅਸਲ ਮਾਮਲਾ
ਸੀਵਰੇਜ ਟਰੀਟਮੈਂਟ ਪਲਾਂਟ ਦੇ ਖਾਲ ਟੁੱਟਣ 'ਤੇ ਪਾਣੀ ਓਵਰਫਲੋ ਹੋ ਕੇ ਆਸ-ਪਾਸ ਦੀ ਆਬਾਦੀ ਵਾਲੇ ਖੇਤਰ 'ਚ 15 ਦੇ ਕਰੀਬ ਘਰਾਂ, ਬਹੁਤ ਸਾਰੇ ਨੀਵੇਂ ਪਲਾਟਾਂ ਅਤੇ ਫੈਕਟਰੀਆਂ 'ਚ ਦਾਖਲ ਹੋ ਗਿਆ। ਇਹ ਵੀ ਪਤਾ ਲੱਗਾ ਹੈ ਕਿ ਕਰੀਬ 2 ਏਕੜ ਖੇਤ 'ਚ ਲੱਗੀਆਂ ਸਬਜ਼ੀਆਂ ਖਰਾਬ ਹੋਣ ਕਾਰਨ ਸਬਜ਼ੀ ਲਾਉਣ ਵਾਲਿਆਂ ਨੂੰ ਕਾਫੀ ਆਰਥਿਕ ਧੱਕਾ ਲੱਗਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਖਾਲ ਅਰਸਾ 6 ਮਹੀਨੇ 'ਚ ਟੁੱਟ ਜਾਂਦਾ ਹੈ। ਇਸ ਤੋਂ ਇਲਾਵਾ ਕੈਮੀਕਲ ਯੁਕਤ ਇਹ ਪਾਣੀ ਖੇਤਾਂ ਵਿਚ ਵੀ ਭਰ ਜਾਂਦਾ ਹੈ, ਜਿਸ ਕਾਰਨ ਫ਼ਸਲਾਂ 'ਤੇ ਵੀ ਬੜਾ ਮਾੜਾ ਅਸਰ ਪਾਉਂਦਾ ਹੈ।
ਕੀ ਕਹਿਣੈ ਕਿਸਾਨ ਆਗੂਆਂ ਦਾ
ਕਿਸਾਨ ਆਗੂ ਬੋਘ ਸਿੰਘ ਮਾਨਸਾ ਅਤੇ ਉਗਰ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਦਾ ਸਥਾਈ ਹੱਲ ਕਰਵਾਉਣ ਲਈ ਤਹਿਸੀਲਦਾਰ ਅਮਰਜੀਤ ਸਿੰਘ ਅਤੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਰੋਸ ਧਰਨੇ ਦੌਰਾਨ ਜ਼ਿਲਾ ਪ੍ਰਸ਼ਾਸਨ ਨਾਲ ਸੋਮਵਾਰ ਨੂੰ 10 ਵਜੇ ਮੀਟਿੰਗ ਕਰਵਾਉਣ ਦਾ ਵਿਸ਼ਵਾਸ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਮਸਲੇ ਦਾ ਕੋਈ ਢੁੱਕਵਾਂ ਹੱਲ ਨਾ ਨਿਕਲਿਆ ਤਾਂ ਇਸ ਖੇਤਰ ਦੇ ਲੋਕਾਂ ਅਤੇ ਕਿਸਾਨਾਂ ਨਾਲ ਮੁੜ ਮੀਟਿੰਗ ਕਰ ਕੇ ਅਗਲਾ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਸੀਵਰੇਜ ਟਰੀਟਮੈਂਟ ਪਲਾਂਟ ਦੇ ਟੁੱਟੇ ਖਾਲ ਕਾਰਨ ਗੰਦੇ ਪਾਣੀ ਨਾਲ ਕਿਸਾਨਾਂ ਅਤੇ ਹੋਰਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ।
ਕੀ ਕਹਿਣੈ ਐੱਸ. ਡੀ. ਓ. ਦਾ
ਇਸ ਮਾਮਲੇ ਨੂੰ ਲੈ ਕੇ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਐੱਸ. ਡੀ. ਓ. ਰਕੇਸ਼ ਜਿੰਦਲ ਨੇ ਕਿਹਾ ਕਿ ਜਨਰੇਟਰ ਉਪਰ ਮੋਟਰ ਲਾ ਕੇ ਗੰਦਾ ਪਾਣੀ ਲਗਾਤਾਰ ਕੱਢਿਆ ਜਾ ਰਿਹਾ ਹੈ ਅਤੇ ਜਲਦ ਹੀ ਖੇਤ ਇਸ ਗੰਦੇ ਪਾਣੀ ਤੋਂ ਮੁਕਤ ਹੋ ਜਾਣਗੇ।
ਇਸ ਉਪਰੰਤ ਪੱਕੇ ਤੌਰ 'ਤੇ ਇਹ ਮਸਲਾ ਹੱਲ ਕਰਨ ਦੇ ਯਤਨ ਕੀਤੇ ਜਾਣਗੇ ਤਾਂ ਕਿ ਭਵਿੱਖ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ।
