ਕਿਸਾਨਾਂ ਨੂੰ ਝੋਨਾ ਲਾਉਣ ਵਾਲੀਆਂ ਮਸ਼ੀਨਾਂ ''ਤੇ ਮਿਲੇਗੀ 50 ਫੀਸਦੀ ਸਬਸਿਡੀ

Wednesday, Jan 09, 2019 - 09:10 AM (IST)

ਕਿਸਾਨਾਂ ਨੂੰ ਝੋਨਾ ਲਾਉਣ ਵਾਲੀਆਂ ਮਸ਼ੀਨਾਂ ''ਤੇ ਮਿਲੇਗੀ 50 ਫੀਸਦੀ ਸਬਸਿਡੀ

ਚੰਡੀਗੜ੍ਹ : ਕਿਸਾਨਾਂ ਨੂੰ ਝੋਨਾ ਲਾਉਣ ਵਾਲੀ ਮਸ਼ੀਨਰੀ ਪ੍ਰਤੀ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ 'ਤੇ 40 ਤੋਂ 50 ਫੀਸਦੀ ਸਬਸਿਡੀ ਮੁਹੱਈਆ ਕਰਵਾਉਣ ਲਈ ਵਿਆਪਕ ਯੋਜਨਾ ਉਲੀਕੀ ਹੈ ਜਿਸ ਨਾਲ ਮਜ਼ਦੂਰਾਂ ਦੀ ਕਮੀ ਦੀ ਸਮੱਸਿਆ ਦੂਰ ਹੋਵੇਗੀ। ਖੇਤੀਬਾੜੀ ਵਿਭਾਗ ਵੱਲੋਂ ਛੋਟੇ, ਸੀਮਾਂਤ ਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਝੋਨਾ ਲਾਉਣ ਵਾਲੀ ਮਸ਼ੀਨਰੀ 'ਤੇ 50 ਫੀਸਦੀ ਜਦਕਿ ਬਾਕੀ ਕਿਸਾਨਾਂ ਨੂੰ 40 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਵਿਭਾਗ ਨੇ ਸਬਸਿਡੀ ਵਾਲੀ ਮਸ਼ੀਨਰੀ ਖਰੀਦਣ ਦੇ ਚਾਹਵਾਨ ਕਿਸਾਨਾਂ ਪਾਸੋਂ 20 ਜਨਵਰੀ ਤੱਕ ਅਰਜ਼ੀਆਂ ਮੰਗੀਆਂ ਹਨ ਤਾਂ ਕਿ ਜੂਨ ਤੇ ਜੁਲਾਈ ਮਹੀਨੇ ਵਿੱਚ ਝੋਨੇ ਦੀ ਲਵਾਈ ਦੇ ਸੀਜ਼ਨ ਦੇ ਮੱਦੇਨਜ਼ਰ ਮਸ਼ੀਨਾਂ ਦਾ ਪ੍ਰਬੰਧ ਕਰਨ ਲਈ ਢੁਕਵੇਂ ਬੰਦੋਬਸਤ ਕੀਤੇ ਜਾ ਸਕਣ। ਚਾਹਵਾਨ ਕਿਸਾਨ ਸਬੰਧਤ ਜ਼ਿਲਿ•ਆਂ ਵਿੱਚ ਬਲਾਕ ਖੇਤੀਬਾੜੀ ਵਿਕਾਸ ਅਫਸਰ ਜਾਂ ਜ਼ਿਲਾ ਖੇਤੀਬਾੜੀ ਅਫਸਰ ਵਿੱਚ ਅਰਜ਼ੀਆਂ ਦੇ ਸਕਦੇ ਹਨ।
ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਸਕੱਤਰ ਕੇ. ਐਸ. ਪੰਨੂੰ ਨੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਦੀ ਲਵਾਈ ਅਤੇ ਗੰਨੇ ਦੀ ਕਟਾਈ ਨੂੰ ਛੱਡ ਕੇ ਬਾਕੀ ਸਾਰੀਆਂ ਫਸਲਾਂ ਦੀ ਖੇਤੀ ਦਾ ਮਸ਼ੀਨੀਕਰਨ ਹੋ ਚੁੱਕਾ ਹੈ ਕਿਉਂ ਜੋ ਇਨ੍ਹਾਂ ਦੋਵੇਂ ਫਸਲਾਂ ਦੀ ਖੇਤੀ ਅਜੇ ਤੱਕ ਹੱਥੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਉਣੀ ਸੀਜ਼ਨ ਦੌਰਾਨ ਜੂਨ ਤੇ ਜੁਲਾਈ ਦੇ ਮਹੀਨੇ 'ਚ ਝੋਨੇ ਦੀ ਲਵਾਈ ਲਈ ਦੂਜੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਆਉਂਦੇ ਹਨ ਪਰ ਪਿਛਲੇ ਕੁਝ ਸਾਲਾਂ ਦੌਰਾਨ ਸੂਬੇ ਤੋਂ ਬਾਹਰੋਂ ਆਉਣ ਵਾਲੇ ਮਜ਼ਦੂਰਾਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਝੋਨਾ ਲਾਉਣ ਵਾਲੀ ਮਸ਼ੀਨਰੀ ਦੀ ਵਰਤੋਂ ਕਰਨ ਵੱਲ ਪ੍ਰੇਰਿਤ ਕਰਨ ਦਾ ਫੈਸਲਾ ਲਿਆ ਹੈ, ਜਿਸ ਤਹਿਤ ਕਿਸਾਨਾਂ ਨੂੰ ਸਬਸਿਡੀ 'ਤੇ ਮਸ਼ੀਨਾਂ ਸਪਲਾਈ ਕੀਤੀਆਂ ਜਾ ਰਹੀਆਂ ਹਨ।


author

Babita

Content Editor

Related News