ਨਸ਼ੇ ਦੀ ਪੂਰਤੀ ਲਈ ਕਿਸਾਨਾਂ ਦੇ ਖੇਤਾਂ ’ਚ ਲੱਗੇ ਟਰਾਂਸਫਾਰਮਾਂ ’ਚੋਂ ਤੇਲ ਕਰਦੇ ਸੀ ਚੋਰੀ, 2 ਕਾਬੂ
Saturday, Nov 18, 2023 - 06:00 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਕਿਸਾਨਾਂ ਦੇ ਖੇਤਾਂ ’ਚੋਂ ਲੱਗੇ ਟਰਾਂਸਫਾਰਮਾਂ ’ਚੋਂ ਤੇਲ ਚੋਰੀ ਦੀਆਂ ਵੱਧਦੀਆਂ ਘਟਨਾਵਾਂ ਨੂੰ ਅੱਜ ਪੁਲਸ ਨੇ ਉਸ ਸਮੇਂ ਨੱਥ ਪਾਈ ਜਦੋਂ ਇਸ ਮਾਮਲੇ ਵਿਚ 2 ਵਿਅਕਤੀ ਧਰਮਿੰਦਰ ਸਿੰਘ ਵਾਸੀ ਬਹਿਰਾਮਪੁਰ ਬੇਟ ਅਤੇ ਗੁਰਪ੍ਰੀਤ ਸਿੰਘ ਵਾਸੀ ਗੜ੍ਹੀ ਸੈਣੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਪੁਲਸ ਕੋਲ ਪਿੰਡ ਸ਼ਤਾਬਗਡ਼੍ਹ ਦੇ ਕਿਸਾਨ ਜਸਵੰਤ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਜਦੋਂ ਉਹ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਸਾਹਮਣੇ ਹੀ ਇਕ ਹੋਰ ਕਿਸਾਨ ਦੇ ਖੇਤਾਂ ’ਚ ਲੱਗੇ ਟਰਾਂਸਫਾਰਮ ’ਚੋਂ ਇਕ ਵਿਅਕਤੀ ਤੇਲ ਚੋਰੀ ਕਰ ਰਿਹਾ ਸੀ ਜਿਸ ਸਬੰਧੀ ਉਸਨੇ ਤੁਰੰਤ ਬਹਿਲੋਲਪੁਰ ਚੌਂਕੀ ਇੰਚਾਰਜ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਪ੍ਰਮੋਦ ਕੁਮਾਰ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਟਰਾਂਸਫਾਰਮ ’ਚੋਂ ਤੇਲ ਚੋਰੀ ਕਰਦਿਆਂ ਗੁਰਪ੍ਰੀਤ ਸਿੰਘ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਇਹ ਤੇਲ ਚੋਰੀ ਕਰਕੇ ਧਰਮਿੰਦਰ ਸਿੰਘ ਵਾਸੀ ਬਹਿਰਾਮਪੁਰ ਬੇਟ ਨੂੰ ਵੇਚਦਾ ਸੀ। ਪੁਲਸ ਵਲੋਂ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਦੋਵੇਂ ਕਥਿਤ ਦੋਸ਼ੀ ਮਾਛੀਵਾੜਾ ਇਲਾਕੇ ਵਿਚ ਕਰੀਬ 20 ਤੋਂ ਵੱਧ ਟਰਾਂਸਫਾਰਮਾਂ ’ਚੋਂ ਤੇਲ ਚੋਰੀ ਕਰਕੇ ਵੇਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਇਕ ਟਰਾਂਸਫਾਰਮ ’ਚੋਂ 20 ਲੀਟਰ ਤੇਲ ਚੋਰੀ ਕਰਦੇ ਸਨ ਜੋ ਕਿ 1500 ਰੁਪਏ ਦਾ ਵੇਚ ਦਿੰਦੇ ਸਨ ਅਤੇ ਇਹ ਦੋਵੇਂ ਨਸ਼ੇ ਦੀ ਆਦੀ ਸਨ ਜਿਸਦੀ ਪੂਰਤੀ ਲਈ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਸਨ।ਪੁਲਸ ਵਲੋਂ ਇਨ੍ਹਾਂ ਤੋਂ ਚੋਰੀ ਕੀਤਾ ਕਰੀਬ 20 ਲੀਟਰ ਤੇਲ ਵੀ ਬਰਾਮਦ ਕੀਤਾ ਹੈ।