ਕਿਸਾਨਾਂ ਦੇ ਚਲਾਨ ਕੱਟਣ ''ਤੇ ਪਿਆ ''ਰੱਫੜ''

Saturday, Nov 02, 2019 - 11:22 AM (IST)

ਕਿਸਾਨਾਂ ਦੇ ਚਲਾਨ ਕੱਟਣ ''ਤੇ ਪਿਆ ''ਰੱਫੜ''

ਮੋਗਾ/ਧਰਮਕੋਟ (ਗੋਪੀ ਰਾਊਕੇ, ਸਤੀਸ਼)—ਇਕ ਪਾਸੇ ਜਿੱਥੇ ਜ਼ਿਲਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਖਤੀ ਕੀਤੀ ਗਈ ਹੈ, ਉੱਥੇ ਹੀ ਦੂਜੇ ਪਾਸੇ ਜ਼ਿਲਾ ਮੋਗਾ ਦੇ ਪਿੰਡ ਲੋਹਗੜ੍ਹ ਵਿਖੇ ਬੀਤੇ ਦਿਨੀਂ ਉਨ੍ਹਾਂ ਕਿਸਾਨਾਂ ਦੇ ਚਲਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਸ਼ 'ਤੇ ਕੱਟੇ ਗਏ ਹਨ, ਜਿਨ੍ਹਾਂ ਦੇ ਖੇਤਾਂ 'ਚ ਅਜੇ ਵੀ ਝੋਨਾ ਕਟਾਈ ਲਈ ਖੜ੍ਹਾ ਹੈ। ਇਸ ਤਰ੍ਹਾਂ ਦੀ ਬਣੀ ਸਥਿਤੀ ਮਗਰੋਂ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਮਾਨ ਦੇ ਝੰਡੇ ਹੇਠ ਪ੍ਰਸ਼ਾਸਨ ਵਿਰੁੱਧ ਰੋਸ ਜ਼ਾਹਿਰ ਕੀਤਾ, ਦੂਸਰੇ ਪਾਸੇ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੀ ਅਣਗਹਿਲੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ (ਮਾਨ) ਨੇ ਕਿਹਾ ਕਿ ਬੀਤੇ ਦਿਨ ਧਰਮਕੋਟ ਤਹਿਸੀਲ ਦੇ ਅਧਿਕਾਰੀਆਂ ਨੇ 20 ਚਲਾਨ ਕੱਟੇ ਹਨ। ਇਨ੍ਹਾਂ 'ਚ ਗੁਰਪਾਲ ਸਿੰਘ, ਗੁਰਮੇਲ ਸਿੰਘ, ਹਰਬੰਤ ਸਿੰਘ, ਪਾਲ ਸਿੰਘ ਵਾਸੀਅਨ ਲੋਹਗੜ੍ਹ ਦੇ ਨਾਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਦੇ ਖੇਤਾਂ 'ਚ ਅਜੇ ਵੀ ਝੋਨਾ ਖੜ੍ਹਾ ਹੈ। ਉਨ੍ਹਾਂ ਝੋਨੇ ਦੀ ਖੜ੍ਹੀ ਫਸਲ ਦਿਖਾਉਂਦਿਆਂ ਕਿਹਾ ਕਿ ਪਤਾ ਨਹੀਂ ਕਿਸ ਤਰੀਕੇ ਨਾਲ ਇਨ੍ਹਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ 3 ਨਵੰਬਰ ਤੱਕ ਚਲਾਨ ਵਾਪਸ ਲਏ ਜਾਣ ਅਤੇ ਨਹੀਂ ਤਾਂ ਜਥੇਬੰਦੀ ਵੱਲੋਂ ਪੰਜਾਬ ਪੱਧਰ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਪ੍ਰੀਤਮ ਸਿੰਘ, ਪਾਲ ਸਿੰਘ, ਸਾਰਜ ਸਿੰਘ ਆਦਿ ਹਾਜ਼ਰ ਸਨ। ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਮੁੜ ਪੜਤਾਲ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News