ਕਿਸਾਨਾਂ ਨੂੰ ਸਤਾ ਰਿਹਾ ਟਿੱਡੀ ਦਲ ਦੇ ਹਮਲੇ ਦਾ ਡਰ, ਪ੍ਰਸ਼ਾਸਨ ਨੇ ਦਿੱਤੀਆਂ ਖਾਸ ਹਿਦਾਇਤਾਂ

05/30/2020 4:07:12 PM

ਫਰੀਦਕੋਟ (ਜਗਤਾਰ) : ਰਾਜਸਥਾਨ ਦੇ ਨਾਲ-ਨਾਲ ਹੁਣ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਅੰਦਰ ਫਸਲਾਂ ਉਪਰ ਟਿੱਡੀ ਦਲ ਦੇ ਹਮਲੇ ਦੇ ਸੰਕੇਤ ਮਿਲਣ ਲੱਗੇ ਹਨ ਜਿਸ ਕਾਰਨ ਕਿਸਾਨਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਦੂਸਰੇ ਪਾਸੇ ਖੇਤੀਬਾੜੀ ਵਿਭਾਗ ਭਾਵੇਂ ਟਿੱਡੀ ਦਲ ਦੀ ਰੋਕਥਾਮ ਲਈ ਪਹਿਲਾਂ ਤੋਂ ਹੀ ਤਿਆਰ ਹੈ ਅਤੇ ਲਗਾਤਰ ਪਿੰਡਾਂ 'ਚ ਜਾ ਕੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਇਸ ਮਾਮਲੇ ਲਈ ਨਾ ਘਬਰਾਉਣ ਅਤੇ ਜਾਗਰੂਕ ਹੋਣ ਦੀ ਗੱਲ ਕਹਿ ਰਿਹਾ ਹੈ ਪਰ ਕਿਸਾਨ ਇਸ ਲਈ ਸਰਕਾਰ ਤੋਂ ਪੁਖਤਾ ਹੱਲ ਕਰਵਾਉਣ ਦੀ ਅਪੀਲ ਕਰ ਰਹੇ ਹਨ। 

ਇਸ ਮੌਕੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਦੇ ਕਿਸਾਨਾ ਨੇ ਦੱਸਿਆ ਕਿ ਉਨ੍ਹਾਂ ਤੋਂ ਮਹਿਜ਼ 40 ਕਿਲੋਮੀਟਰ ਦੇ ਕਰੀਬ ਫਾਜ਼ਿਲਕਾ ਜ਼ਿਲ੍ਹਾ ਪੈਂਦਾ ਹੈ, ਜਿਥੇ ਟਿੱਡੀ ਦਲ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਪਰ ਸਾਡਾ ਇਲਾਕਾ ਨੇੜੇ ਹੋਣ ਕਰਕੇ ਸਾਨੂੰ ਵੀ ਡਰ ਸਤਾਉਣ ਲੱਗ ਪਿਆ ਹੈ। ਭਾਵੇਂ ਵਿਭਾਗ ਸਾਡੇ ਨਾਲ ਰਾਬਤਾ ਰੱਖ ਰਿਹਾ ਹੈ ਪਰ ਫਿਰ ਵੀ ਸਰਕਾਰ ਇਸ ਲਈ ਕੋਈ ਪੁਖਤਾ ਹੱਲ ਕਰੇ ਤਾਂ ਜੋ ਕਿਸਾਨ ਬੇਫਿਕਰ ਹੋ ਸਕਣ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਆਉਣ ਵਾਲੇ ਸਮੇਂ ਵਿਚ ਉਹਨਾਂ ਦੀਆਂ ਫਸਲਾਂ ਟਿੱਡੀ ਦਲ ਦੀ ਭੇਟ ਨਾ ਚੜ੍ਹ ਜਾਣ। ਇਸ ਮੌਕੇ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਸਰਕਾਰ ਇਸ ਆਫਤ ਵੱਲ ਸਮਾਂ ਰਹਿੰਦੇ ਧਿਆਨ ਦੇਵੇ ਤਾਂ ਜੋ ਕਿਸਾਨਾਂ ਦਾ ਵੱਡੀ ਪੱਧਰ 'ਤੇ ਹੋਣ ਵਾਲਾ ਨੁਕਸਾਨ ਸਮਾਂ ਰਹਿੰਦੇ ਟਾਲਿਆ ਜਾ ਸਕੇ। ਉਨ੍ਹਾ ਕਿਹਾ ਕਿ ਹਾਲੇ ਤੱਕ ਕਿਸੇ ਨੇ ਵੀ ਆ ਕੇ ਉਨ੍ਹਾਂ ਦੀ ਸਾਰ ਨਹੀਂ ਲਈ।

ਇਸ ਪੂਰੀ ਸਮੱਸਿਆ ਸੰਬੰਧੀ ਜਦੋਂ ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰ ਹਰਨੇਕ ਸਿੰਘ ਰੋਡੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ਤੋਂ ਘਬਰਾਉਣ ਦੀ ਨਹੀਂ ਸਗੋਂ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਫਰੀਦਕੋਟ ਵਿਚ ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਸਹਿਯੋਗੀ ਵਿਭਾਗ ਜਿਵੇਂ ਕਿ ਬਾਗਬਾਨੀ ਵਿਭਾਗ, ਵਣ ਵਿਭਾਗ, ਖੇਤੀ ਵਿਗਿਆਨ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਅਤੇ ਨਗਰ ਕੌਂਸਲ ਫਰੀਦਕੋਟ ਦੇ ਅਧਿਕਾਰੀਆਂ/ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਹੈ, ਉਨ੍ਹਾਂ ਕਿਹਾ ਕਿ ਇਸ ਅਹਿਮ ਕੰਮ ਵਿਚ ਐਨ.ਜੀ. ਓ. ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਵੀ ਲਈ ਜਾਵੇਗੀ ਅਤੇ ਪਤਾ ਲੱਗਣ 'ਤੇ ਤੁਰੰਤ ਫਾਇਰ ਬ੍ਰਿਗੇਡ ਫਰੀਦਕੋਟ ਅਤੇ ਕੋਟਕਪੂਰਾ ਦੀਆਂ ਗੱਡੀਆਂ ਵੀ ਤਿਆਰ ਹਨ। 

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਕੋਲ ਮੌਜੂਦ ਪਾਵਰ ਸਪਰੇਆਂ ਨੂੰ ਵਰਤੋਂ ਲਈ ਯੋਗ ਹਾਲਤ ਵਿਚ ਤਿਆਰ ਕਰਕੇ ਰੱਖਣ ਤਾਂ ਜੋ ਲੋੜ ਪੈਣ 'ਤੇ ਇਨਾਂ ਦਾ ਇਸਤੇਮਾਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਇਹ ਵੀ ਬੇਨਤੀ ਹੈ ਕਿ ਉਹ ਆਪਣੇ ਖੇਤਾਂ ਦਾ ਨਿਰੰਤਰ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਥਾਂ ਉੱਪਰ ਟਿੱਡੀ ਦਲ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਖੇਤੀਬਾੜੀ ਵਿਭਾਗ ਦੇ ਸਬੰਧਤ ਬਲਾਕ ਨੂੰ ਦਿੱਤੀ ਜਾਵੇ।


Gurminder Singh

Content Editor

Related News