ਕਰਜ਼ੇ ਦੇ ਦੈਂਤ ਨੇ ਲਈ ਇਕ ਹੋਰ ਕਿਸਾਨ ਦੀ ਜਾਨ

Sunday, Mar 04, 2018 - 04:08 PM (IST)

ਭਵਾਨੀਗੜ੍ਹ (ਅੱਤਰੀ/ਵਿਕਾਸ)— ਨੇੜਲੇ ਪਿੰਡ ਰਾਮਪੁਰਾ ਦੇ ਇਕ ਕਿਸਾਨ ਨੇ ਕਰਜ਼ੇ ਦੇ ਬੋਝ ਕਾਰਨ ਨਹਿਰ 'ਚ ਛਾਲ ਮਾਰ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੀ ਲਾਸ਼ ਖਨੌਰੀ ਨੇੜੇ ਨਹਿਰ ਚੋਂ ਮਿਲੀ ਹੈ। ਇਸ ਸਬੰਧੀ ਮ੍ਰਿਤਕ ਕਿਸਾਨ ਦੇ ਪੁੱਤਰ ਜਸਪਾਲ ਸਿੰਘ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਸ ਦੇ ਪਿਤਾ ਚਮਕੌਰ ਸਿੰਘ (62) ਪੁੱਤਰ ਮੇਵਾ ਸਿੰਘ ਦੇ ਸਿਰ ਬੈਕਾਂ, ਸੁਸਾਇਟੀਆਂ ਸਮੇਤ ਆੜ੍ਹਤੀਏ ਦਾ ਲਗਭਗ 10 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਸ ਦਾ ਪਿਤਾ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਉੱਹ ਬਿਨਾਂ ਕੁਝ ਦੱਸੇ ਬੀਤੀ 27 ਫਰਵਰੀ ਨੂੰ ਘਰ ਤੋਂ ਚੱਲਿਆ ਗਿਆ। ਜਿਸ ਦੀ ਉਨ੍ਹਾਂ ਨੂੰ ਕਾਫੀ ਤਲਾਸ਼ ਕਰਨ 'ਤੇ ਵੀ ਉਸ ਦਾ ਕੁਝ ਪਤਾ ਨਾ ਚੱਲਿਆ। ਬਾਅਦ 'ਚ ਇਸ ਸਬੰਧੀ ਪੁਲਸ ਨੂੰ ਵੀ ਸੂਚਨਾ ਦਿੱਤੀ ਗਈ ਸੀ। 
ਜਸਪਾਲ ਸਿੰਘ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਸ਼ਨੀਵਾਰ ਨੂੰ ਉਸ ਦੇ ਪਿਤਾ ਦੀ ਲਾਸ਼ ਖਨੌਰੀ ਨਹਿਰ ਚੋਂ ਮਿਲੀ, ਪੁਲਸ ਨੂੰ ਨਾਲ ਲਿਜਾ ਕੇ ਲਾਸ਼ ਦੀ ਪਛਾਣ ਕਰਨ ਉਪਰੰਤ ਐਤਵਾਰ ਨੂੰ ਉਸ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚਮਕੌਰ ਸਿੰਘ ਸਿਰਫ ਢਾਈ ਏਕੜ ਜ਼ਮੀਨ ਦਾ ਮਾਲਕ ਸੀ।


Related News