2 ਦਿਨ ਪਹਿਲਾਂ ਰੱਖੇ ਪ੍ਰਵਾਸੀ ਨੇ ਕੀਤਾ ਕਿਸਾਨ ਦਾ ਕਤਲ

07/22/2019 7:13:06 PM

ਬਨੂੜ (ਗੁਰਪਾਲ)— ਬੀਤੀ ਰਾਤ ਨੇੜਲੇ ਪਿੰਡ ਪੱਤੋਂ ਦੇ ਇਕ 65 ਸਾਲਾ ਬਜ਼ੁਰਗ ਕਿਸਾਨ ਦਾ ਪ੍ਰਵਾਸੀ ਮਜ਼ਦੂਰ ਵਲੋਂ ਕਤਲ ਕਰਨ ਉਪਰੰਤ ਨਕਦੀ ਲੈ ਕੇ ਫਰਾਰ ਹੋਣ ਦਾ ਸਮਾਚਾਰ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸੋਹਾਣਾ 'ਚ ਤਾਇਨਾਤ ਸਬ ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਪਿੰਡ ਪੱਤੋਂ ਦੇ ਕਿਸਾਨ ਸੁਰਿੰਦਰ ਸਿੰਘ ਪੁੱਤਰ ਜ਼ੈਲਦਾਰ ਅਜੈਬ ਸਿੰਘ ਨੇ 20 ਜੁਲਾਈ ਨੂੰ ਆਪਣੇ ਘਰ 'ਚ ਰੱਖੀਆਂ ਹੋਈਆਂ ਮੱਝਾਂ ਨੂੰ ਚਾਰਾ ਪਾਉਣ ਲਈ ਇਕ 30-35 ਸਾਲਾ ਪ੍ਰਵਾਸੀ ਮਜ਼ਦੂਰ ਨੂੰ ਰੱਖਿਆ ਸੀ ਤੇ ਉਹ ਮਜ਼ਦੂਰ ਉਨ੍ਹਾਂ ਦੇ ਮੱਝਾਂ ਦੇ ਵਾੜੇ ਜੋ ਕਿ ਉਨ੍ਹਾਂ ਦੀ ਕੋਠੀ ਦੇ ਬਿਲਕੁਲ ਨਾਲ ਬਣਿਆ ਹੋਇਆ ਸੀ ਉੱਥੇ ਰਾਤ ਨੂੰ ਸੌਂਦਾ ਸੀ ਬੀਤੇ ਦਿਨ ਉਕਤ ਪ੍ਰਵਾਸੀ ਮਜ਼ਦੂਰ ਨੇ ਮ੍ਰਿਤਕ ਕਿਸਾਨ ਸੁਰਿੰਦਰ ਸਿੰਘ ਦੀ ਜੇਬ 'ਚ ਪੈਸੇ ਦੇਖੇ ਤੇ ਉਸ ਦੇ ਮਨ 'ਚ ਲਾਲਚ ਆ ਗਿਆ।  ਬੀਤੀ ਰਾਤ ਜਦੋਂ ਕਿਸਾਨ ਆਪਣੇ ਕਮਰੇ 'ਚ ਸੁੱਤਾ ਪਿਆ ਸੀ ਤਾਂ ਉਸ ਪ੍ਰਵਾਸੀ ਮਜ਼ਦੂਰ ਨੇ ਮੱਝਾਂ ਨੂੰ ਬੰਨਣ ਵਾਲੇ ਕਿੱਲੇ ਨਾਲ ਉਸ ਦੇ ਸਿਰ 'ਚ ਕਈ ਵਾਰ ਕੀਤੇ ਜਿਸ ਕਾਰਨ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ । ਦੋਸ਼ੀ ਮ੍ਰਿਤਕ ਕਿਸਾਨ ਦੀ ਜੇਬ 'ਚ ਪਏ 25 ਹਜ਼ਾਰ ਰੁਪਏ ਸੀ ਨਕਦੀ ਤੇ ਹੋਰ ਬੈਂਕ ਦੀਆਂ ਕਾਪੀਆਂ ਲਾਇਸੈਂਸ ਆਧਾਰ ਕਾਰਡ ਆਦਿ ਲੈ ਕੇ ਕਮਰੇ ਦਾ ਬਾਹਰੋਂ ਕੁੰਡਾ ਲਗਾ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਸਵੇਰੇ 4 ਕੁ ਵਜੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਪਿਤਾ ਜੀ ਵਾਲੇ ਕਮਰੇ ਦਾ ਬਾਹਰੋਂ ਕੁੰਡਾ ਲੱਗਿਆ ਹੋਇਆ ਹੈ ਤੇ ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਕਿ ਉਸ ਦੀ ਲਾਸ਼ ਖ਼ੂਨ ਨਾਲ ਲੱਥ ਪੱਥ ਹੋਈ ਪਈ ਸੀ। ਇਸ ਉਪਰੰਤ ਪਰਿਵਾਰਕ ਮੈਂਬਰਾਂ ਨੇ ਥਾਣਾ ਸੋਹਾਣਾ ਦੀ ਪੁਲਿਸ ਨੇ ਸੂਚਿਤ ਕੀਤਾ ਸੂਚਨਾ ਮਿਲਣ ਉਪਰੰਤ ਥਾਣਾ ਮੁਖੀ ਇੰਸਪੈਕਟਰ ਮਨਫੂਲਸਿੰਘ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚ ਗਏ ਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕ ਕਿਸਾਨ ਦੇ ਪੁੱਤਰ ਹਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੇ ਖਿਲਾਫ ਮਾਮਲਾ ਦਰਜ ਕਰਕੇ ਮ੍ਰਿਤਕ ਕਿਸਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ। ਦੱਸਣਯੋਗ ਹੈ ਕਿ ਉਕਤ ਦੋਸ਼ੀ ਪ੍ਰਵਾਸੀ ਮਜ਼ਦੂਰ ਦਾ ਕੋਈ ਪਤਾ ਟਿਕਾਣਾ ਨਹੀਂ ਸੀ। ਜਿਸ ਕਾਰਨ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।


KamalJeet Singh

Content Editor

Related News