ਕਿਸਾਨ ਅੰਦੋਲਨ ਨੇ ਭਾਜਪਾ ''ਚ ਲਵਾਈ ਅਸਤੀਫ਼ਿਆਂ ਦੀ ਝੜੀ, ਲੱਗਾ ਇਕ ਹੋਰ ਵੱਡਾ ਝਟਕਾ
Monday, Dec 14, 2020 - 08:05 PM (IST)
ਹਰਿਆਣਾ (ਆਨੰਦ) : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਸੰਗਠਨਾਂ ਵੱਲੋ ਚਲਾਏ ਜਾ ਰਹੇ ਸੰਘਰਸ਼ ਦੇ ਹੱਲ ਨਾ ਕੀਤੇ ਜਾਣ ਨੂੰ ਲੈ ਕੇ ਦੇਸ਼ ਦਾ ਹਰ ਵਰਗ ਹੀ ਨਹੀਂ ਸਗੋਂ ਹੁਣ ਭਾਜਪਾਈ ਵੀ ਕੇਂਦਰ ਦੀ ਸਰਕਾਰ ਦੇ ਅੜੀਅਲ ਵਤੀਰੇ ਤੋਂ ਦੁੱਖੀ ਹੋ ਕੇ ਕਿਨਾਰਾ ਕਰ ਰਹੇ ਹਨ। ਇੰਝ ਹੀ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਅਤੇ ਹੋਰ ਆਹੁਦਿਆਂ ਤੋਂ ਇੰਦਰਜੀਤ ਸਿੰਘ ਸੀਕਰੀ ਨੇ ਕਿਸਾਨਾਂ ਦੇ ਸੰਘਰਸ਼ ਦੇ ਹੱਕ 'ਚ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭੇਜ ਦਿੱਤਾ ਹੈ ਜਿਸ ਦੀ ਕਾਪੀ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਅਤੇ ਸੂਬਾ ਇੰਚਾਰਜ ਦੁਸ਼ਅੰਤ ਕੁਮਾਰ ਗੌਤਮ ਨੂੰ ਵੀ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਭਾਜਪਾ ਲਈ ਆਈ ਇਕ ਹੋਰ ਬੁਰੀ ਖ਼ਬਰ
ਉਕਤ ਨੇਤਾਵਾਂ ਨੂੰ ਆਪਣਾ ਅਸਤੀਫ਼ਾ ਭੇਜਦੇ ਹੋਏ ਇੰਦਰਜੀਤ ਸੀਕਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਚਲਾਏ ਜਾ ਰਹੇ ਸੰਘਰਸ਼ ਦੇ ਹੱਲ ਨਾ ਕੀਤੇ ਜਾਣ ਨੂੰ ਲੈ ਕੇ ਭਾਜਪਾ ਸਰਕਾਰ ਦੇ ਪ੍ਰਤੀ ਜਨਤਾ 'ਚ ਪਾਏ ਜਾ ਰਹੇ ਭਾਰੀ ਰੋਸ਼ ਦਾ ਜਗ੍ਹਾ ਜਗ੍ਹਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਦੀ ਸੁਣਵਾਈ ਨਾ ਹੋਣ 'ਤੇ ਭਾਜਪਾ ਆਪਣਾ ਆਧਾਰ ਗਵਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ 'ਚ ਜ਼ਮੀਨੀ ਪੱਧਰ ਤੋ ਸ਼ੁਰੂ ਹੋ ਕੇ ਸੂਬਾ ਅਤੇ ਰਾਸ਼ਟਰੀ ਪੱਧਰ ਤੱਕ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਮੰਡਲ ਪ੍ਰਧਾਨ ਯੁਵਾ ਮੋਰਚਾ, ਜ਼ਿਲ੍ਹਾ ਪ੍ਰਧਾਨ ਤੇ ਸੂਬਾ ਉਪ-ਪ੍ਰਧਾਨ ਐੱਸ. ਸੀ. ਮੋਰਚਾ, ਰਾਸ਼ਟਰੀ ਕੋ-ਇੰਚਾਰਜ ਮੀਡੀਆ ਸੰਵਾਦ ਐੱਸ. ਸੀ. ਮੋਰਚਾ ਅਤੇ ਡਾਇਰੈਕਟਰ ਆਲ ਇੰਡੀਆ ਹੈਂਡਲੂਮ ਬੋਰਡ, ਭਾਰਤ ਸਰਕਾਰ ਆਦਿ 'ਚ ਕੁਸ਼ਲਤਾ ਪੂਰਬਕ ਸੇਵਾਵਾਂ ਨਿਭਾਈਆਂ ਹਨ।
ਇਹ ਵੀ ਪੜ੍ਹੋ : ਮਾਂ-ਧੀ ਨੇ ਇਕੱਠਿਆਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਪੜ੍ਹਿਆ ਤਾਂ ਖੋਲ੍ਹਿਆ ਭੇਤ
ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 3 ਮਹੀਨਿਆਂ ਤੋਂ ਕਿਸਾਨ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਅੰਦੋਲਨ ਦੌਰਾਨ ਭਾਰੀ ਸਰਦੀ 'ਚ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਬੈਠਣ ਨੂੰ ਮਜਬੂਰ ਹਨ। ਇਹ ਕੋਈ ਦੇਸ਼ ਦੀ ਅੰਦਰੂਨੀ ਜਾਂ ਬਾਹਰੀ ਸੁਰੱਖਿਆ ਦਾ ਮਾਮਲਾ ਨਹੀਂ ਹੈ ਜਿਸ ਨੂੰ ਹੱਲ ਨਾ ਕੀਤਾ ਜਾ ਸਕੇ। ਇਹ ਤਾਂ ਕਿਸਾਨਾਂ ਦਾ ਮਾਮਲਾ ਹੈ। ਜਨਤਾ ਦੀ ਆਵਾਜ਼ ਨੂੰ ਵੇਖਦਿਆਂ ਸਰਕਾਰ ਨੂੰ ਅੜੀਅਲ ਵਤੀਰਾ ਛੱਡ ਕੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਸਰਕਾਰ ਉਹੀ ਕਾਮਯਾਬ ਹੈ ਜੋ ਜਨਤਾ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੋਵੇ। ਇਹ ਨਰੋਲ ਕਿਸਾਨੀ ਅੰਦੋਲਨ ਹੈ। ਇਸ ਨੂੰ ਕਿਸੇ ਰਾਜਨੀਤਿਕ ਪਾਰਟੀ ਜਾ ਸੰਸਥਾ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਵੱਡੀ ਹਲਚਲ, ਭਾਜਪਾ ਨੇ ਪੰਜਾਬ ਦੇ 4 ਨੇਤਾਵਾਂ ਨੂੰ ਅਚਾਨਕ ਦਿੱਲੀ ਸੱਦਿਆ