ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਬੋਲੇ ਕਿਸਾਨ ਆਗੂ, "ਬਣ ਸਕਦੀ ਹੈ ਗੱਲ" (ਵੀਡੀਓ)

Friday, Feb 16, 2024 - 02:41 AM (IST)

ਚੰਡੀਗੜ੍ਹ: ਅੱਜ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵੱਲੋਂ ਤੀਜੇ ਗੇੜ ਦੀ ਮੀਟਿੰਗ ਚੰਡੀਗੜ੍ਹ ਵਿਖੇ ਹੋਈ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਐਤਵਾਰ ਨੂੰ ਫ਼ਿਰ ਮੀਟਿੰਗ ਹੋਵੇਗੀ। ਮੀਟਿੰਗ ਮਗਰੋਂ ਕਿਸਾਨ ਆਗੂਆਂ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਸਥਾਰਪੂਰਵਕ ਚਰਚਾ ਹੋਈ ਹੈ ਤੇ ਜੇ ਇਨ੍ਹਾਂ ਗੱਲਾਂ ਨੂੰ ਅਮਲੀ ਜਾਮਾ ਵੀ ਪਹਿਨਾ ਦਿੱਤਾ ਜਾਵੇ ਤਾਂ ਗੱਲ ਬਣ ਸਕਦੀ ਹੈ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਐਤਵਾਰ ਤਕ ਦੋਹਾਂ ਪਾਸੇ ਤੋਂ ਸੀਜ਼ਫ਼ਾਇਰ ਰਹੇਗਾ। ਸਹਿਮਤੀ ਨਾ ਬਣਨ 'ਤੇ ਦਿੱਲੀ ਕੂਚ ਦਾ ਪ੍ਰੋਗਰਾਮ ਕਾਇਮ ਰਹੇਗਾ। ਐਤਵਾਰ ਤਕ ਕਿਸਾਨ ਬਾਰਡਰ 'ਤੇ ਹੀ ਬੈਠਣਗੇ। 

ਇਹ ਖ਼ਬਰ ਵੀ ਪੜ੍ਹੋ - ਇਕ ਪਾਸੇ ਚੰਡੀਗੜ੍ਹ 'ਚ ਚੱਲ ਰਹੀ ਮੀਟਿੰਗ, ਦੂਜੇ ਪਾਸੇ ਸ਼ੰਭੂ ਬਾਰਡਰ 'ਤੇ ਚੱਲ ਗਏ ਅੱਥਰੂ ਗੈਸ ਦੇ ਗੋਲੇ (ਵੀਡੀਓ)

ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੀਟਿੰਗ ਦੌਰਾਨ MSP 'ਤੇ ਕਾਨੂੰਨੀ ਗਰੰਟੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੇ ਕਿਸਾਨ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਸਮੇਤ ਤਮਾਮ ਮੰਗਾਂ 'ਤੇ ਵਿਸਥਾਰ ਨਾਲ ਚਰਚਾ ਹੋਈ ਹੈ। ਅਸੀਂ ਮੰਤਰੀਆਂ ਨੂੰ ਕਿਹਾ ਹੈ ਕਿ ਅਸੀਂ ਸਿਰਫ਼ ਚਰਚਾ ਹੀ ਨਾ ਕਰਦੇ ਰਹਿ ਜਾਈਏ, ਇਸ ਦਾ ਕੋਈ ਨਤੀਜਾ ਵੀ ਨਿਕਲੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਨੇ ਕਿਹਾ ਹੈ ਕਿ ਅਸੀਂ ਹਵਾ ਵਿਚ ਗੱਲਾਂ ਨਹੀਂ ਕਰਨੀਆਂ ਚਾਹੁੰਦੇ, ਇਨ੍ਹਾਂ ਮੰਗਾਂ 'ਤੇ ਫ਼ੈਸਲਾ ਲੈਣ ਲਈ ਅਸੀਂ ਸਰਕਾਰ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ, ਇਸ ਲਈ ਉਨ੍ਹਾਂ ਐਤਵਾਰ ਨੂੰ ਮੀਟਿੰਗ ਦਾ ਸਮਾਂ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੰਤਰੀਆਂ ਨੇ ਅੱਜ ਜੋ ਕੁਝ ਵੀ ਮੀਟਿੰਗ ਵਿਚ ਕਿਹਾ, ਜੇ ਉਸ ਨੂੰ ਅਮਲੀ ਜਾਮਾ ਪਹਿਨਾ ਦੇਣ ਤਾਂ ਗੱਲ ਬਣ ਸਕਦੀ ਹੈ।

ਦੋਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਇਹ ਨਹੀਂ ਦਿਖਾਉਣਾ ਚਾਹੁੰਦੇ ਕਿ ਕਿਸਾਨ ਗੱਲਬਾਤ ਲਈ ਰਾਜ਼ੀ ਨਹੀਂ ਹਨ। ਅਸੀਂ ਗੱਲਬਾਤ ਤੋਂ ਭੱਜ ਨਹੀਂ ਰਹੇ, ਇਸ ਲਈ ਐਤਵਾਰ ਨੂੰ ਮੀਟਿੰਗ ਕਰਾਂਗੇ। ਜੇ ਸਰਕਾਰ ਆਪਣੀ ਗੱਲ ਤੋਂ ਭੱਜਦੀ ਹੈ ਤਾਂ ਦੋਹਾਂ ਲਈ ਰਾਹ ਖੁੱਲ੍ਹੇ ਹਨ। ਅਸੀਂ ਇਹੀ ਚਾਹੁੰਦੇ ਹਾਂ ਕਿ ਚਰਚਾ ਨਾਲ ਹੀ ਮਸਲੇ ਦਾ ਹੱਲ ਨਿਕਲੇ, ਅਸੀਂ ਟਕਰਾਅ ਨਹੀਂ ਚਾਹੁੰਦੇ। ਜੇ ਗੱਲ ਨਹੀਂ ਬਣਦੀ ਤਾਂ ਸਾਡਾ ਦਿੱਲੀ ਕੂਚ ਦਾ ਪ੍ਰੋਗਰਾਮ ਕਾਇਮ ਹੈ। ਐਤਵਾਰ ਤਕ ਕਿਸਾਨ ਬਾਰਡਰ 'ਤੇ ਹੀ ਬੈਠਣਗੇ।

ਇਹ ਖ਼ਬਰ ਵੀ ਪੜ੍ਹੋ - UAE ਤੇ ਕਤਰ ਦੌਰੇ ਤੋਂ ਨਵੀਂ ਦਿੱਲੀ ਪਰਤੇ PM ਮੋਦੀ, ਭਲਕੇ ਜਾਣਗੇ ਹਰਿਆਣਾ

ਐਤਵਾਰ ਤਕ ਰਹੇਗਾ ਸੀਜ਼ਫਾਇਰ, ਨਹੀਂ ਹੋਵੇਗੀ ਸ਼ੈਲਿੰਗ'

ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਕਿਸਾਨਾਂ 'ਤੇ ਕੀਤੀ ਜਾ ਰਹੀ ਸ਼ੈਲਿੰਗ ਦਾ ਮੁੱਦਾ ਵੀ ਚੁੱਕਿਆ। ਕਿਸਾਨ ਆਗੂ ਪੁਲਸ ਵੱਲੋਂ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ, ਗੋਲੀਆਂ ਦੇ ਖੋਲ ਆਦਿ ਦਾ ਝੋਲਾ ਭਰ ਕੇ ਮੀਟਿੰਗ ਵਿਚ ਲੈ ਕੇ ਗਏ ਸਨ। ਉਨ੍ਹਾਂ ਮੰਤਰੀਆਂ ਨੂੰ ਝੋਲਾ ਦਿਖਾਉਂਦਿਆਂ ਕਿਹਾ ਕਿ ਇਕ ਪਾਸੇ ਤੁਹਾਡੇ ਵੱਲੋਂ ਗੱਲਬਾਤ ਨਾਲ ਮਸਲਾ ਹੱਲ ਕਰਨ ਦਾ ਕਿਹਾ ਜਾ ਰਿਹਾ ਹੈ, ਦੂਜੇ ਪਾਸੇ ਸਾਡੇ ਨਾਲ ਇਸ ਤਰ੍ਹਾਂ ਨਾਲ ਪੇਸ਼ ਆਇਆ ਜਾ ਰਿਹਾ ਹੈ। ਮੀਟਿੰਗ ਦੌਰਾਨ ਡੇਢ ਤੋਂ 2 ਘੰਟੇ ਇਸ ਮੁੱਦੇ 'ਤੇ ਹੀ ਬਹਿਸ ਹੁੰਦੀ ਰਹੀ। ਕਿਸਾਨ ਆਗੂਆਂ ਨੇ ਮੰਤਰੀਆਂ ਨੂੰ ਦੱਸਿਆ ਕਿ, "ਜਦੋਂ ਅਸੀਂ ਸ਼ਾਂਤੀਪੂਰਵਕ ਗੱਲ ਕਰ ਰਹੇ ਹਾਂ ਤਾਂ ਸਾਡੇ 'ਤੇ ਸ਼ੈਲਿੰਗ ਕੀਤੀ ਜਾ ਰਹੀ ਹੈ, ਤੁਹਾਡੀ ਫੋਰਸ ਸਾਨੂੰ ਉਕਸਾਉਂਦੀ ਹੈ।" ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ 'ਤੇ ਬਲ ਪ੍ਰਯੋਗ ਹੋਵੇ, ਅਸੀਂ ਕੋਈ ਪਾਕਿਸਤਾਨੀ ਨਹੀਂ ਹਾਂ।" ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਸਹਿਮਤੀ ਬਣੀ ਹੈ ਕਿ ਐਤਵਾਰ ਤਕ ਦੋਹਾਂ ਪਾਸਿਓਂ ਸੀਜ਼ਫ਼ਾਇਰ ਰਹੇਗਾ। ਕਿਸਾਨ ਵੀ ਸ਼ਾਂਤੀਪੂਰਨ ਢੰਗ ਨਾਲ ਉੱਥੇ  ਬੈਠੇ ਰਹਿਣਗੇ ਤੇ ਪੁਲਸ ਵੱਲੋਂ ਵੀ ਸ਼ੈਲਿੰਗ ਨਹੀਂ ਕੀਤੀ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News