ਨਰਮੇ ਦੀ ਖਰੀਦ ਨਾ ਹੋਣ ਤੋਂ ਪ੍ਰੇਸ਼ਾਨ ਕਿਸਾਨਾਂ ਲਾਇਆ ਜਾਮ

Wednesday, Sep 20, 2017 - 08:17 AM (IST)

ਨਰਮੇ ਦੀ ਖਰੀਦ ਨਾ ਹੋਣ ਤੋਂ ਪ੍ਰੇਸ਼ਾਨ ਕਿਸਾਨਾਂ ਲਾਇਆ ਜਾਮ

ਗਿੱਦੜਬਾਹਾ  (ਕੁਲਭੂਸ਼ਨ) - ਇਥੋਂ ਦੀ ਨਵੀਂ ਅਨਾਜ ਮੰਡੀ ਵਿਖੇ ਕਾਟਨ ਫੈਕਟਰੀਆਂ ਵੱਲੋਂ ਕਿਸਾਨਾਂ ਦੀ ਨਰਮੇ ਦੀ ਫਸਲ ਦੀ ਖਰੀਦ ਨਾ ਕੀਤੇ ਜਾਣ ਦੇ ਰੋਸ ਵਜੋਂ ਕਿਸਾਨਾਂ ਨੇ ਨਰਮੇ ਦੀਆਂ ਭਰੀਆਂ ਟਰਾਲੀਆਂ ਸਮੇਤ ਗਿੱਦੜਬਾਹਾ ਦੇ ਭਾਰੂ ਚੌਕ ਵਿਖੇ ਸੜਕੀ ਆਵਾਜਾਈ ਠੱਪ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਪ੍ਰਿਤਪਾਲ ਸਿੰਘ, ਗੋਰਾ ਸਿੰਘ, ਛਿੰਦਾ ਸਿੰਘ, ਗੁਰਸੇਵਕ ਸਿੰਘ, ਸੁਰਜੀਤ ਸਿੰਘ, ਹਰਦੇਵ ਸਿੰਘ, ਕਾਲਾ ਸਿੰਘ, ਜਗਸੀਰ ਸਿੰਘ ਆਦਿ ਨੇ ਦੱਸਿਆ ਕਿ ਉਹ ਅੱਜ ਸਵੇਰ ਤੋਂ ਹੀ ਆਪਣੀ ਨਰਮੇ ਦੀ ਫਸਲ ਵੇਚਣ ਲਈ ਨਵੀਂ ਅਨਾਜ ਮੰਡੀ ਵਿਚ ਬੈਠੇ ਹਨ ਪਰ ਕਾਟਨ ਫੈਕਟਰੀਆਂ ਦੇ ਮਾਲਕਾਂ ਵੱਲੋਂ ਉਨ੍ਹਾਂ ਦਾ ਨਰਮਾ ਖਰੀਦਣ ਤੋਂ ਇਸ ਕਾਰਨ ਇਨਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਰਾਜ ਸਰਕਾਰ ਵੱਲੋਂ ਮਾਰਕੀਟ ਵਿਚ ਵਾਧੇ ਦਾ ਤਰਕ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਕਿਰਾਏ ਦੇ ਟਰੈਕਟਰ- ਟਰਾਲੀਆਂ ਤੇ ਟੈਂਪੂਆਂ 'ਚ ਆਪਣਾ ਮਾਲ ਲੈ ਕੇ ਮੰਡੀ ਪੁੱਜੇ ਹਨ, ਜਦਕਿ ਵਪਾਰੀਆਂ/ਫੈਕਟਰੀਆਂ ਵੱਲੋਂ ਅੱਜ ਨਰਮਾ ਨਾ ਖਰੀਦੇ ਜਾਣ 'ਤੇ ਉਨ੍ਹਾਂ ਨੂੰ ਮਜਬੂਰੀ ਵਿਚ ਨਰਮਾ ਵਾਪਸ ਘਰ ਲੈ ਜਾਣਾ ਪਵੇਗਾ, ਜਿਸ ਨਾਲ ਉਨ੍ਹਾਂ ਨੂੰ ਨਰਮੇ ਦੀ ਫਸਲ ਨੂੰ ਲਿਆਉਣ ਤੇ ਲਿਜਾਣ ਦਾ ਵੱਖਰਾ ਖਰਚਾ ਸਹਿਣ ਕਰਨਾ ਪਵੇਗਾ।
ਕੀ ਕਹਿੰਦੇ ਹਨ ਨਰਮਾ ਵਪਾਰੀ/ਕਾਟਨ ਫੈਕਟਰੀ ਮਾਲਕ
 ਇਸ ਸਬੰਧੀ ਨਰਮਾ ਵਪਾਰੀਆਂ/ਕਾਟਨ ਫੈਕਟਰੀ ਮਾਲਕਾਂ ਸੰਜੇ ਸਿੰਗਲਾ, ਦਵਿੰਦਰ ਗਰਗ ਤੇ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਪਹਿਲਾਂ ਨਰਮੇ 'ਤੇ ਮਾਰਕੀਟ ਫੀਸ 4 ਫੀਸਦੀ ਹੁੰਦੀ ਸੀ ਪਰ ਪਿਛਲੀ ਬਾਦਲ ਸਰਕਾਰ ਸਮੇਂ ਇਸ ਨੂੰ ਘਟਾ ਕੇ 2 ਫੀਸਦੀ ਕਰ ਦਿੱਤਾ ਗਿਆ ਸੀ ਪਰ ਮੌਜੂਦਾ ਕਾਂਗਰਸ ਸਰਕਾਰ ਨੇ ਇਹ ਫੀਸ 2 ਫੀਸਦੀ ਤੋਂ ਹੋਰ ਵਧਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਧੇ ਦੇ ਵਿਰੋਧ ਵਿਚ ਅੱਜ ਪੰਜਾਬ ਭਰ ਦੇ ਨਰਮਾ ਵਪਾਰੀਆਂ ਵੱਲੋਂ ਨਰਮਾ ਨਾ ਖਰੀਦਣ ਦਾ ਫੈਸਲਾ ਲਿਆ ਗਿਆ ਹੈ। ਜਦੋਂ ਤੱਕ ਸਰਕਾਰ ਉਕਤ ਵਾਧਾ ਵਾਪਸ ਨਹੀਂ ਲੈਂਦੀ, ਉਹ ਨਰਮੇ ਦੀ ਖਰੀਦ ਨਹੀਂ ਕਰਨਗੇ।
ਕੀ ਕਹਿੰਦੇ ਹਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ
ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਅਮਿਤ ਕੁਮਾਰ ਸਿੰਪੀ ਬਾਂਸਲ ਨੇ ਕਿਹਾ ਸਰਕਾਰ ਵੱਲੋਂ ਨਰਮੇ ਦੀ ਫਸਲ 'ਤੇ ਮਾਰਕੀਟ ਫੀਸ ਵਿਚ ਵਾਧੇ ਨਾਲ ਕਿਸਾਨ ਆਪਣੀ ਜਿਣਸ ਨੂੰ ਪੰਜਾਬ ਵਿਚ ਵੇਚਣ ਦੀ ਜਗ੍ਹਾ ਗੁਆਂਢੀ ਰਾਜ ਹਰਿਆਣਾ 'ਚ ਵੇਚਣ ਨੂੰ ਪਹਿਲ ਦੇਣਗੇ, ਜਿਥੇ ਕਿ ਮਾਰਕੀਟ ਫੀਸ ਪੰਜਾਬ ਨਾਲੋਂ ਘੱਟ ਹੈ। ਇਸ ਨਾਲ ਜਿਥੇ ਕਿਸਾਨਾਂ ਨੂੰ ਖੱਜਲ-ਖੁਆਰੀ ਹੋਵੇਗੀ, ਉਥੇ ਹੀ ਇਸ ਨਾਲ ਪੰਜਾਬ ਦੇ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਨੁਕਸਾਨ ਹੋਵੇਗਾ।
ਕੀ ਕਹਿੰਦੇ ਹਨ ਸਕੱਤਰ ਮਾਰਕੀਟ ਕਮੇਟੀ  
ਮਾਰਕੀਟ ਕਮੇਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਗਿੱਲ ਨੇ ਕਿਹਾ ਕਿ ਜਿਸ ਵਾਧੇ ਦੀ ਗੱਲ ਫੈਕਟਰੀ ਮਾਲਕਾਂ/ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ, ਉਸ ਸਬੰਧੀ ਅਜੇ ਤੱਕ ਮਾਰਕੀਟ ਕਮੇਟੀ ਕੋਲ ਕੋਈ ਨੋਟੀਫਿਕੇਸ਼ਨ ਦੀ ਕਾਪੀ ਜਾਂ ਹੋਰ ਕੋਈ ਪੱਤਰ ਨਹੀਂ ਆਇਆ ਤੇ ਜਿਥੋਂ ਤੱਕ ਨਰਮੇ 'ਤੇ ਮਾਰਕੀਟ ਫੀਸ ਲੈਣ ਦਾ ਸਬੰਧ ਹੈ, ਉਹ ਜਿਸ ਤਰ੍ਹਾਂ ਪਹਿਲਾਂ ਵਸੂਲੀ ਜਾ ਰਹੀ ਸੀ, ਉਸੇ ਤਰ੍ਹਾਂ ਹੀ ਹੁਣ ਵਸੂਲੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਕਤ ਮਾਰਕੀਟ ਫੀਸ ਸਬੰਧੀ ਵਾਧੇ ਬਾਰੇ ਸਰਕਾਰ ਜਾਂ ਵਿਭਾਗ ਕੋਲੋਂ ਕੋਈ ਲਿਖਤੀ ਪੱਤਰ ਆਉਂਦਾ ਹੈ ਤਾਂ ਉਸ ਦੀ ਪਾਲਣਾ ਕੀਤੀ ਜਾਵੇਗੀ।


Related News