ਮੋਹਾਲੀ ''ਚ ਸਦਭਾਵਨਾ ਦਿਵਸ ਮੌਕੇ ਭੁੱਖ-ਹੜਤਾਲ ''ਤੇ ਬੈਠੇ ਕਿਸਾਨ

Saturday, Jan 30, 2021 - 03:55 PM (IST)

ਮੋਹਾਲੀ ''ਚ ਸਦਭਾਵਨਾ ਦਿਵਸ ਮੌਕੇ ਭੁੱਖ-ਹੜਤਾਲ ''ਤੇ ਬੈਠੇ ਕਿਸਾਨ

ਮੋਹਾਲੀ : ਦਿੱਲੀ ਵਿਖੇ 2 ਮਹੀਨਿਆਂ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਮੋਹਾਲੀ 'ਚ ਕਈ ਜੱਥੇਬੰਦੀਆਂ ਵੱਲੋਂ ਭੁੱਖ-ਹੜਤਾਲ ਦਾ ਸੱਦਾ ਦਿੱਤਾ ਗਿਆ। ਇਨ੍ਹਾਂ 'ਚ ਅੰਤਰਰਾਸ਼ਟਰੀ ਪੰਜਾਬੀ ਮੰਚ ਦਿੱਲੀ ਚੱਲੋ ਮੋਰਚਾ ਅਤੇ ਹੋਰ ਸਮਾਜ ਸਮਾਜ ਸੇਵੀ ਜੱਥੇਬੰਦੀਆਂ ਨੇ ਹਿੱਸਾ ਲਿਆ। ਇਸ ਭੁੱਖ-ਹੜਤਾਲ ਦਾ ਸੱਦਾ ਕਿਸਾਨਾਂ ਵੱਲੋਂ ਦਿੱਤਾ ਗਿਆ ਸੀ। ਸਦਭਾਵਨਾ ਦਿਵਸ ਮਨਾਉਂਦਿਆਂ ਅੱਜ ਫੇਜ਼-7 ਦੇ ਅੰਬਾਂ ਵਾਲੇ ਚੌਂਕ 'ਤੇ ਇਹ ਧਰਨਾ ਦਿੱਤਾ ਗਿਆ ਅਤੇ ਭੁੱਖ-ਹੜਤਾਲ ਕੀਤੀ ਗਈ।

ਇਸ ਮੌਕੇ ਨਰਿੰਦਰ ਸਿੰਘ ਕੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਪਰਮਦੀਪ ਸਿੰਘ ਬੈਦਵਾਣ, ਗੁਰਪ੍ਰੀਤ ਸਿੰਘ ਨਿਆਮੀਆਂ, ਜੋਤੀ ਢੀਂਡਸਾ, ਪ੍ਰੋ ਮੇਹਰ ਸਿੰਘ ਮੱਲੀ, ਅਖੰਡ ਕੀਰਤਨੀ ਜੱਥੇ ਵੱਲੋਂ ਆਰ. ਪੀ. ਸਿੰਘ, ਗਗਨ ਬੈਂਸ ਅਤੇ ਹੋਰ ਕਈ ਮੋਹਤਬਰ ਵਿਅਕਤੀ ਹਾਜ਼ਰ ਸਨ। ਸਾਰਿਆਂ ਨੇ ਆਪਣੇ ਹੱਥਾਂ 'ਚ ਕਿਸਾਨਾਂ ਦੀ ਹਮਾਇਤ 'ਚ ਭੁੱਖ-ਹੜਤਾਲ ਦੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਵਰਕਰਾਂ ਵੱਲੋਂ ਹੱਥਾਂ 'ਚ ਤਖ਼ਤੀਆਂ ਚੁੱਕ ਕੇ ਉੱਥੋਂ ਦੀ ਲੰਘ ਰਹੀ ਟ੍ਰੈਫਿਕ ਨੂੰ ਇਹ ਸੱਦਾ ਦਿੱਤਾ ਗਿਆ ਸੀ ਕਿ ਜੇਕਰ ਤੁਸੀਂ ਕਿਸਾਨ ਹਮਾਇਤੀ ਹੋ ਤਾਂ ਹਾਰਨ ਜ਼ਰੂਰ ਵਜਾਓ। ਇਸ ਤੋਂ ਬਾਅਦ ਅਜਿਹਾ ਮਾਹੌਲ ਬਣਿਆ ਕਿ ਸਾਰੇ ਹੀ ਲੋਕ ਆਪੋ-ਆਪਣੇ ਵਾਹਨਾਂ ਦੇ ਹਾਰਨ ਵਜਾਉਂਦੇ ਹੋਏ ਲੰਘ ਰਹੇ ਸਨ। ਇਸ ਮੌਕੇ ਕਈ ਪੁਲਸ ਮੁਲਾਜ਼ਮ ਵੀ ਉਨ੍ਹਾਂ ਨਾਲ ਸ਼ਾਮਲ ਹੋ ਗਏ। 
ਅੰਤਰਰਾਸ਼ਟਰੀ ਪੁਆਧੀ ਮੰਚ ਦੀ ਮੁੱਖ ਅਹੁਦੇਦਾਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਇਸ ਮੌਕੇ ਕਿਹਾ ਕਿ ਮੋਦੀ ਸਰਕਾਰ ਹੁਣ ਘਟੀਆ ਹੱਥਕੰਡਿਆਂ 'ਤੇ ਉਤਰ ਆਈ ਹੈ ਅਤੇ ਉਸ ਵੱਲੋਂ ਭਾਜਪਾ ਅਤੇ ਆਰ. ਐੱਸ. ਐੱਸ. ਦੇ ਗੁੰਡਿਆਂ ਨੂੰ ਪੁਲਸ ਦੀਆਂ ਵਰਦੀਆਂ ਪੁਆ ਕੇ ਕਿਸਾਨਾਂ ਨਾਲ ਟਕਰਾਅ ਕਰਨ ਲਈ ਭੇਜਿਆ ਜਾ ਰਿਹਾ ਹੈ, ਜਿਸ ਦਾ ਸਿੱਧਾ ਨਤੀਜਾ ਸਿੰਘੂ ਬਾਰਡਰ 'ਤੇ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬੀ ਅਜਿਹੇ ਘਿਨਾਉਣੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਦੇਣਾ ਜਾਣਦੇ ਹਨ। ਇਸ ਮੌਕੇ ਪਰਮਦੀਪ ਸਿੰਘ ਬੈਦਵਾਣ ਨੇ ਸਮੁੱਚੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਪੰਜਾਬ 'ਚ ਹੋਣ ਜਾ ਰਹੀਆਂ ਚੋਣਾਂ ਦੌਰਾਨ ਭਾਜਪਾ ਦੇ ਸਾਰੇ ਉਮੀਦਵਾਰਾਂ ਦਾ ਡਟ ਕੇ ਵਿਰੋਧ ਕਰੋ ਅਤੇ ਜਿਸ ਤਰ੍ਹਾਂ ਦਾ ਵਰਤਾਅ ਉਹ ਸਾਡੇ ਕਿਸਾਨਾਂ ਨਾਲ ਦਿੱਲੀ 'ਚ ਕਰ ਰਹੇ ਹਨ, ਉਸ ਦਾ ਉਸੇ ਤਰ੍ਹਾਂ ਮੂੰਹ ਤੋੜ ਜਵਾਬ ਪੰਜਾਬ 'ਚ ਚੋਣਾਂ ਦੌਰਾਨ ਭਾਜਪਾ ਆਗੂਆਂ ਨੂੰ ਦਿੱਤਾ ਜਾਵੇਗਾ। 


author

Babita

Content Editor

Related News