ਕੁਦਰਤ ਦੀ ਮਾਰ ਨਾ ਸਹਾਰ ਸਕਿਆ ਕਿਸਾਨ, ਵਾਢੀ ਕਰਨ ਤੋਂ ਪਹਿਲਾਂ ਖ਼ਰਾਬ ਫ਼ਸਲ ਵੇਖ ਤੋੜਿਆ ਦਮ
Thursday, Apr 13, 2023 - 11:41 AM (IST)
ਫਿਰੋਜ਼ਪੁਰ (ਕੁਮਾਰ) : ਪਿਛਲੇ ਦਿਨੀਂ ਪਏ ਭਾਰੀ ਬੇ-ਮੌਸਮੀ ਮੀਂਹ ਤੇ ਗੜੇਮਾਰੀ ਨਾਲ ਬਰਬਾਦ ਕਣਕ ਦੀ ਫ਼ਸਲ ਵੇਖਦੇ ਹੀ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਚੱਕ ਭੰਗੇ ਵਾਲੇ ਵਿਖੇ ਕਿਸਾਨ ਕੁਲਦੀਪ ਸਿੰਘ (55) ਦੀ ਖੇਤਾਂ ਵਿੱਚ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਕੱਲ੍ਹ ਸ਼ਾਮ ਕਣਕ ਦੀ ਫ਼ਸਲ ਵੱਢਣ ਲਈ ਪ੍ਰਬੰਧ ਕਰ ਰਿਹਾ ਸੀ ਤੇ ਜਦੋਂ ਉਸ ਨੇ ਡਿੱਗੀ ਫ਼ਸਲ ਨੂੰ ਦੇਖਿਆ ਉਸ ਦੀ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਕਿਸਾਨ ਖ਼ਰਾਬ ਹੋਈ ਫ਼ਸਲ ਦੇ ਨੁਕਸਾਨ ਨੂੰ ਨਾ ਸਹਾਰ ਸਕਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਕੁਲਦੀਪ ਸਿੰਘ ਦੇ ਵੱਡੇ ਭਰਾ ਮਹਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਛੋਟਾ ਕਿਸਾਨ ਸੀ ਅਤੇ ਉਸ ਕੋਲ ਕਰੀਬ ਢਾਈ ਏਕੜ ਜ਼ਮੀਨ ਸੀ। ਇਸ ਤੋਂ ਇਲਾਵਾ ਉਸ 'ਤੇ ਕਰੀਬ 7-8 ਲੱਖ ਰੁਪਏ ਵੱਖ-ਵੱਖ ਬੈਂਕਾਂ ਦਾ ਕਰਜ਼ਾ ਸੀ, ਜਿਸਨੂੰ ਲੈ ਕੇ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ- ਮਿਲਟਰੀ ਸਟੇਸ਼ਨ ਗੋਲ਼ੀਬਾਰੀ ਮਾਮਲੇ 'ਚ ਬਠਿੰਡਾ ਦੇ SP(D) ਦਾ ਵੱਡਾ ਖ਼ੁਲਾਸਾ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਫ਼ਸਲ ਕੱਟਣ ਲਈ ਕੱਲ੍ਹ ਸ਼ਾਮ ਕੰਬਾਈਨ ਲਿਆਉਣ ਲਈ ਜਦੋਂ ਕਣਕ ਦੇ ਘੇਰੇ ਵੱਢ ਰਿਹਾ ਸੀ ਤਾਂ ਖ਼ਰਾਬ ਫ਼ਸਲ ਦੇ ਨੁਕਸਾਨ ਨੁੰ ਸਹਿਣ ਨਹੀਂ ਕਰ ਸਕਿਆ। ਕਿਸਾਨ ਕੁਲਦੀਪ ਸਿੰਘ ਦੇ ਘਰ ਦੀਆਂ ਔਰਤਾਂ ਤੇ ਪਰਿਵਾਰ ਦੇ ਮੈਂਬਰ ਰੋ-ਕੁਰਲਾ ਰਹੇ ਹਨ। ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਜੁਗਰਾਜ ਸਿੰਘ ਨੇ ਪੀੜਤ ਪਰਿਵਾਰ ਲਈ ਸੂਬਾ ਸਰਕਾਰ ਕੋਲੋਂ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ। ਕਿਸਾਨ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ- ਇਕੋ ਝਟਕੇ 'ਚ ਤਬਾਹ ਹੋਈਆਂ ਪਰਿਵਾਰ ਦੀਆ ਖ਼ੁਸ਼ੀਆਂ, 2 ਸਕੇ ਭਰਾਵਾਂ ਦੀ ਦਰਦਨਾਕ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।