ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਪੀਤੀ ਸਪਰੇਅ, ਮੌਤ
Monday, Feb 10, 2025 - 11:16 AM (IST)
![ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਪੀਤੀ ਸਪਰੇਅ, ਮੌਤ](https://static.jagbani.com/multimedia/2025_2image_11_16_267264038spray.jpg)
ਰਾਮਪੁਰਾ ਫੂਲ (ਤਰਸੇਮ) : ਸੂਬੇ ਅੰਦਰ ਕਿਸਾਨ ਖ਼ੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਰੋਜ਼ਾਨਾ ਕਿਸਾਨ ਕਰਜ਼ੇ ਦੀ ਪੰਡ ਦਾ ਭਾਰ ਨਾ ਝੱਲਦਿਆਂ ਆਖ਼ਰਕਾਰ ਥੱਕ ਹਾਰ ਜਹਾਨੋਂ ਤੁਰ ਜਾਣ ਦਾ ਰਸਤਾ ਚੁਣਨ ਲਈ ਮਜਬੂਰ ਹਨ। ਇਸੇ ਤਰ੍ਹਾਂ ਇੱਥੋਂ ਨੇੜਲੇ ਪਿੰਡ ਢਿਪਾਲੀ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ (35) ਪੁੱਤਰ ਸਵ. ਨਿਰਮਲ ਸਿੰਘ ਕੋਲ ਕੋਈ ਜ਼ਮੀਨ ਨਹੀਂ ਸੀ ਅਤੇ ਉਸਨੇ ਆਪਣਾ ਪਰਿਵਾਰ ਚਲਾਉਣ ਲਈ ਪਸ਼ੂ-ਪਾਲਣ ਦਾ ਧੰਦਾ ਅਪਣਾਇਆ, ਜਿਸ ਵਿਚ ਉਸਨੇ ਵਿਸ਼ੇਸ਼ ਪੈਕੇਜ ਜ਼ਰੀਏ ਗਾਵਾਂ ਰੱਖੀਆਂ ਸਨ, ਜੋ ਕਿ ਵੱਡੀ ਗਿਣਤੀ ਵਿਚ ਵੀ ਨਹੀਂ ਸਨ ਤੇ ਗਾਂਵਾਂ ਦੇ ਦੁੱਧ ਉਤਪਾਦਨ ’ਚ ਪੈ ਰਹੇ ਘਾਟੇ ਕਾਰਨ ਉਹ ਵਿਸ਼ੇਸ਼ ਪੈਕੇਜ ਦੀ ਮਹੀਨਾਵਾਰ ਕਿਸ਼ਤ ਭਰਨ ’ਚ ਅਸਫਲ ਹੁੰਦਾ ਗਿਆ, ਜਿਸਦੇ ਵਜੋਂ ਕਰਜ਼ਾ ਉਸਦੇ ਸਿਰ ਵੱਧਦਾ ਗਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਬਲਾਕ ਫੂਲ ਪ੍ਰਧਾਨ ਗੁਰਪ੍ਰੀਤ ਸਿੰਘ ਢਿਪਾਲੀ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਦੇ ਪਿਤਾ ਨਿਰਮਲ ਸਿੰਘ ਦੀ ਮੌਤ ਉਸਦੇ ਬਚਪਨ ਦੇ ਦਿਨਾਂ ਦੌਰਾਨ ਹੀ ਹੋ ਗਈ ਸੀ ਅਤੇ ਕਰੀਬ ਉਸ ਸਮੇਂ ਉਸ ਕੋਲ ਕਰੀਬ 3-4 ਏਕੜ ਜ਼ਮੀਨ ਹੁੰਦੀ ਸੀ ਪਰ ਛੋਟੀ ਉਮਰੇ ਪਰਿਵਾਰ ਦੀ ਕਬੀਲਦਾਰੀ ਪੈਣ ਕਰ ਕੇ ਉਸਨੇ ਆਪਣੀਆਂ ਦੋਵੇਂ ਭੈਣਾਂ ਦਾ ਵਿਆਹ ਕੀਤਾ, ਜਿਸ ਵਿਚ ਉਸਦੀ ਜ਼ਮੀਨ ਵੀ ਖੁੱਸ ਗਈ, ਜਿਸਦੇ ਚਲਦਿਆਂ ਕਰਜ਼ੇ ਦੀ ਪੰਡ ਵੱਧਦੀ ਗਈ ਤੇ ਆਖ਼ਰਕਾਰ ਉਸਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਸਪਰੇਅ ਪੀ ਲਈ ਅਤੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਉਕਤ ਮ੍ਰਿਤਕ ਨੌਜਵਾਨ ਕਿਸਾਨ ਦਾ ਪੋਸਟਮਾਰਟਮ ਸਿਵਲ ਹਸਪਤਾਲ ਰਾਮਪੁਰਾ ਫੂਲ ’ਚ ਬੀਤੇ ਸ਼ਨੀਵਾਰ ਦੇਰ ਸ਼ਾਮ ਹੋਇਆ ਅਤੇ ਦੇਰ ਰਾਤ ਹੀ ਕਰੀਬ 7 ਵਜੇ ਉਸਦਾ ਅੰਤਿਮ ਸੰਸਕਾਰ ਪਿੰਡ ਢਿਪਾਲੀ ਦੇ ਸ਼ਮਸ਼ਾਨਘਾਟ ਕੀਤਾ ਗਿਆ। ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਕਿਸਾਨ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।