ਮਾਛੀਵਾੜਾ : ਝੋਨਾ ਲਾਉਣ ਤੋਂ ਰੋਕਣ ਗਈ ਖੇਤੀਬਾੜੀ ਟੀਮ ''ਤੇ ਕਿਸਾਨ ਵੱਲੋਂ ਹਮਲਾ

Monday, Jun 08, 2020 - 03:00 PM (IST)

ਮਾਛੀਵਾੜਾ : ਝੋਨਾ ਲਾਉਣ ਤੋਂ ਰੋਕਣ ਗਈ ਖੇਤੀਬਾੜੀ ਟੀਮ ''ਤੇ ਕਿਸਾਨ ਵੱਲੋਂ ਹਮਲਾ

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਬੌਂਕੜਾ ਵਿਖੇ ਅੱਜ ਸਵੇਰੇ ਅਗੇਤਾ ਝੋਨਾ ਲਾਉਣ ਤੋਂ ਰੋਕਣ ਗਈ ਖੇਤੀਬਾੜੀ ਮਹਿਕਮੇ ਦੀ ਟੀਮ ’ਤੇ ਕਿਸਾਨ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਇੱਕ ਮਹਿਲਾ ਅਧਿਕਾਰੀ ਸਮੇਤ 2 ਜਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਗੱਡੀ ਵੀ ਭੰਨ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤੀਬਾੜੀ ਮਹਿਕਮੇ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੌਂਕੜਾ ਵਿਖੇ ਇੱਕ ਕਿਸਾਨ ਸਰਕਾਰ ਦੇ ਨਿਯਮਾਂ ਤੋਂ ਉਲਟ ਜਾ ਕੇ 10 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ਕਰ ਰਿਹਾ ਹੈ, ਜਿਸ ’ਤੇ ਮਹਿਕਮੇ ਦੇ ਅਧਿਕਾਰੀ ਈ. ਡੀ. ਓ. ਨਵੀ ਚੌਧਰੀ, ਈ. ਡੀ. ਓ. ਹੁਸਨਦੀਪ ਬਰਾੜ, ਬਲਾਕ ਅਫ਼ਸਰ ਜਤਿੰਦਰਪਾਲ ਸਿੰਘ ਅਤੇ ਚਰਨਜੀਤ ਸਿੰਘ ਆਪਣੀ ਨਿੱਜੀ ਗੱਡੀ ਰਾਹੀਂ ਉਸ ਨੂੰ ਖੇਤਾਂ ’ਚ ਰੋਕਣ ਗਏ ਸਨ।

ਮਹਿਕਮੇ ਦੀ ਟੀਮ ਦੇ ਅਧਿਕਾਰੀ ਜਿਉਂ ਹੀ ਖੇਤਾਂ ’ਚ ਝੋਨਾ ਲਗਾਉਣ ਤੋਂ ਕਿਸਾਨ ਗੁਰਪ੍ਰੀਤ ਸਿੰਘ ਗਿੱਲ ਨੂੰ ਰੋਕਣ ਲੱਗੇ ਤਾਂ ਉਸ ਨੇ ਅਤੇ ਇੱਕ ਹੋਰ ਕਿਸਾਨ ਨੇ ਹੱਥ ’ਚ ਫੜ੍ਹੀ ਕਹੀ ਨਾਲ ਟੀਮ 'ਤੇ ਧਾਵਾ ਬੋਲ ਦਿੱਤਾ। ਕਿਸਾਨ ਗੁਰਪ੍ਰੀਤ ਸਿੰਘ ਵਲੋਂ ਗੱਡੀ ਭੰਨ ਦਿੱਤੀ ਗਈ ਅਤੇ ਨਾਲ ਹੀ ਅਧਿਕਾਰੀਆਂ ’ਤੇ ਵੀ ਹਮਲਾ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੇ ਸੱਟਾਂ ਲੱਗੀਆਂ। ਜਖ਼ਮੀ ਹਾਲਤ ’ਚ ਖੇਤੀਬਾੜੀ ਮਹਿਕਮੇ ਦੀ ਟੀਮ ਦੇ ਅਧਿਕਾਰੀਆਂ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਅਤੇ ਹਮਲੇ ਦੀ ਸੂਚਨਾ ਮਿਲਣ ’ਤੇ ਪੁਲਸ ਵੀ ਮੌਕੇ ’ਤੇ ਪਹੁੰਚ ਗਈ।
 ਈ. ਡੀ. ਓ. ਨਵੀ ਚੌਧਰੀ ਤੇ ਹੁਸਨਦੀਪ ਬਰਾੜ ਸਮਰਾਲਾ ਵਿਖੇ ਹਸਪਤਾਲ ’ਚ ਇਲਾਜ ਅਧੀਨ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਹੁਸਨਦੀਪ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਬੌਂਕੜਾ ਪਿੰਡ ਵਿਖੇ ਕਿਸਾਨ ਗੁਰਪ੍ਰੀਤ ਸਿੰਘ ਨੂੰ ਇੰਨਾ ਹੀ ਕਿਹਾ ਸੀ ਕਿ ਜੋ ਝੋਨਾ ਲਗਾਇਆ ਹੈ, ਉਸ ਨੂੰ ਇੱਥੇ ਹੀ ਬੰਦ ਕਰ ਦੇਵੇ ਪਰ ਉਸ ਨੇ ਇੱਕਦਮ ਕਹੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਬਾਂਹ ’ਤੇ ਸੱਟ ਵੱਜੀ ਅਤੇ ਡਾਕਟਰਾਂ ਵਲੋਂ ਟਾਂਕੇ ਲਗਾਏ ਗਏ ਅਤੇ ਮਹਿਲਾ ਅਧਿਕਾਰੀ ਨਵੀ ਚੌਧਰੀ ਦੇ ਵੀ ਗੁੱਝੀਆਂ ਸੱਟਾਂ ਵੱਜੀਆਂ। ਇਸ ਤੋਂ ਇਲਾਵਾ ਕਿਸਾਨਾਂ ਨੇ ਕਹੀਆਂ ਮਾਰ-ਮਾਰ ਉਨ੍ਹਾਂ ਦੀ ਨਿੱਜੀ ਕਾਰ ਵੀ ਬੁਰੀ ਤਰ੍ਹਾਂ ਭੰਨ ਦਿੱਤੀ। ਮੌਕੇ ’ਤੇ ਪੁੱਜੇ ਥਾਣਾ ਕੂੰਮਕਲਾਂ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਜਖ਼ਮੀ ਹੋਏ ਖੇਤੀਬਾੜੀ ਅਧਿਕਾਰੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹਮਲਾਵਰ ਕਿਸਾਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


author

Babita

Content Editor

Related News