ਮਾਨਸਿਕ ਪ੍ਰੇਸ਼ਾਨੀ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ

Tuesday, Jul 23, 2019 - 05:15 PM (IST)

ਮਾਨਸਿਕ ਪ੍ਰੇਸ਼ਾਨੀ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ

ਸਾਦਿਕ (ਪਰਮਜੀਤ, ਦੀਪਕ) : ਬੀਤੇ ਕੱਲ੍ਹ ਸਾਦਿਕ ਨੇੜੇ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਇਕ ਕਰਜ਼ੇ ਦੇ ਬੋਝ ਅਤੇ ਮੀਂਹ ਦੇ ਪਾਣੀ ਨਾਲ ਫਸਲ ਖਰਾਬ ਹੋ ਜਾਣ ਤੋਂ ਦੁਖੀ ਕਿਸਾਨ ਵੱਲੋਂ ਕੀਟਨਾਸ਼ਕ ਦਵਾਈ ਪੀ ਕੇ ਖੁਦਕਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਕਸ਼ਮੀਰ ਨੇ ਦੱਸਿਆ ਕਿ ਜਸਵੀਰ ਸਿੰਘ (49) ਪੁੱਤਰ ਨੈਬ ਸਿੰਘ ਕੋਲ ਕਰੀਬ 4 ਏਕੜ ਜ਼ਮੀਨ ਸੀ ਤੇ ਬੈਂਕ, ਆੜ੍ਹਤੀਆਂ ਅਤੇ ਸੁਸਾਇਟੀ ਵਗੈਰਾ ਦਾ ਕਰੀਬ 7 ਲੱਖ ਕਰਜ਼ ਉਸ ਦੇ ਸਿਰ 'ਤੇ ਸੀ। ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਉਸ ਦੇ ਖੇਤ ਵਿਚ ਝੋਨੇ ਦੀ ਫਸਲ ਵਿਚ ਪਾਣੀ ਭਰਨ ਨਾਲ ਬਰਬਾਦ ਹੋ ਗਈ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। 
ਉਸ ਦੀਆਂ ਦੋ ਲੜਕੀਆਂ ਅਤੇ ਇਕ ਲੜਕਾ ਹੈ ਜਿਨ੍ਹਾਂ ਦੀਆਂ ਸ਼ਾਦੀਆਂ ਦੀ ਜ਼ਿੰਮੇਵਾਰੀਆਂ ਵੀ ਸਿਰ 'ਤੇ ਸਨ। ਕੱਲ੍ਹ ਉਸ ਨੇ ਪ੍ਰੇਸ਼ਾਨੀ ਕਾਰਨ ਜ਼ਹਿਰੀਲੀ ਦਵਾਈ ਪੀ ਲਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ ਅੰਗਰੇਜ਼ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ 'ਤੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।


author

Gurminder Singh

Content Editor

Related News