ਕਰਜ਼ੇ ’ਤੋਂ ਪ੍ਰੇਸ਼ਾਨ ਕਿਸਾਨ ਨੇ ਲਿਆ ਫਾਹਾ
Monday, Jun 06, 2022 - 05:27 PM (IST)
ਅਬੋਹਰ (ਸੁਨੀਲ, ਰਹੇਜਾ) : ਪਿੰਡ ਕਿੱਕਰਖੇੜਾ ਦੇ ਇਕ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਅਬੋਹਰ-ਹਨੂਮਾਨਗੜ ਰੋਡ ’ਤੇ ਸਥਿਤ ਖੇਤ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਥਾਣਾ ਨੰ. 2 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਨੰ. 2 ਦੇ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਕਿੱਕਰਖੇੜਾ ਵਾਸੀ ਰਾਮ ਕੁਮਾਰ ਪੁੱਤਰ ਰਾਮ ਲਾਲ ਨੇ ਖੇਤ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ ਹੰਸਰਾਜ ਨੇ ਦੱਸਿਆ ਕਿ ਉਸਦੇ ਭਰਾ ਨੇ ਅਬੋਹਰ ਦੇ ਤਿੰਨ ਆੜਤੀਆਂ ਤੇ ਬੈਂਕ ਦਾ ਕਰੀਬ 30 ਲੱਖ ਰੁਪਏ ਕਰਜ਼ ਦੇਣਾ ਸੀ। ਜਿਸਦੇ ਚਲਦੇ ਉਹ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ।
ਹੰਸਰਾਜ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਸਦੇ ਭਰਾ ਨੇ ਇਸ ਸਬੰਧੀ ਉਸ ਨਾਲ ਗੱਲ ਕੀਤੀ ਸੀ ਕਿ ਉਕਤ ਆੜਤੀਏ ਉਸਨੂੰ ਕਰਜ਼ੇ ਲਈ ਪ੍ਰੇਸ਼ਾਨ ਕਰ ਰਹੇ ਹਨ। ਇਸ ਲਈ ਉਹ ਜ਼ਮੀਨ ਵੇਚ ਕੇ ਕਰਜ਼ ਚੁਕਾਉਣਾ ਚਾਹੁੰਦਾ ਹੈ। ਹੰਸਰਾਜ ਨੇ ਰਾਮ ਕੁਮਾਰ ਨੂੰ ਹੌਸਲਾ ਦਿੱਤਾ ਸੀ ਕਿ ਉਹ ਜਲਦ ਹੀ ਸਮੱਸਿਆ ਦਾ ਹੱਲ ਕੱਢ ਲੈਣਗੇ ਪਰ ਬੀਤੀ ਰਾਤ ਰਾਮ ਕੁਮਾਰ ਨੇ ਪ੍ਰੇਸ਼ਾਨੀ ਦੇ ਚਲਦੇ ਖੇਤ ਵਿਚ ਜਾ ਕੇ ਦਰਖੱਤ ਨਾਲ ਫਾਹ ਲਗਾ ਲਿਆ। ਸੂਚਨਾ ਮਿਲਣ ’ਤੇ ਪੁਲਸ ਘਟਨਾ ਵਾਲੀ ਥਾਂ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ’ਚ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਤਿੰਨ ਬੱਚੇ ਨੇ, ਜਿਨਾਂ ’ਚ ਦੋ ਬੇਟੀਆਂ ਅਤੇ ਇਕ ਬੇਟਾ ਹੈ। ਇਨ੍ਹਾਂ ’ਚ ਇਕ ਬੇਟੀ ਮੰਦਬੁੱਧੀ ਹੈ।