ਕਰਜ਼ਾਈ ਕਿਸਾਨ ਵਲੋਂ ਖੁਦਕੁਸ਼ੀ

07/19/2017 6:35:23 AM

  ਡੇਹਲੋਂ (ਡਾ. ਪ੍ਰਦੀਪ) - ਪਿੰਡ ਕਿਲਾ ਰਾਏਪੁਰ ਦੇ ਇਕ ਕਿਸਾਨ ਵਲੋਂ ਕਰਜ਼ੇ ਦਾ ਬੋਝ ਨਾ ਝੱਲਦਿਆਂ ਸਪਰੇਅ ਵਾਲੀ ਦਵਾਈ ਪੀਣ ਨਾਲ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ, ਜਿਸ ਦੀ ਪਛਾਣ ਭੁਪਿੰਦਰ ਸਿੰਘ (49) ਪੁੱਤਰ ਮੁਖਤਿਆਰ ਸਿੰਘ ਵਾਸੀ ਸਮੀਰੀਆ ਪੱਤੀ, ਕਿਲਾ ਰਾਏਪੁਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਜ਼ਮੀਨ ਘੱਟ ਹੋਣ ਦੇ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਸੀ। ਡੇਹਲੋਂ ਪੁਲਸ ਨੂੰ ਦਿੱਤੇ ਬਿਆਨ 'ਚ ਮ੍ਰਿਤਕ ਭੁਪਿੰਦਰ ਸਿੰਘ ਦੀ ਪਤਨੀ ਚਰਨਜੀਤ ਕੌਰ ਨੇ ਕਿਹਾ ਹੈ ਕਿ ਜ਼ਮੀਨ ਘੱਟ ਹੋਣ ਕਰ ਕੇ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੀ ਚੱਲਦਾ ਸੀ, ਜਿਸ ਕਰ ਕੇ ਭੁਪਿੰਦਰ ਸਿੰਘ ਅਕਸਰ ਡਿਪਰੈਸ਼ਨ 'ਚ ਹੀ ਰਹਿੰਦਾ ਸੀ।
ਬੀਤੀ 15 ਜੁਲਾਈ ਨੂੰ ਉਸ ਦਾ ਪਤੀ ਭੁਪਿੰਦਰ ਸਿੰਘ ਸ਼ਾਮ ਨੂੰ 4 ਵਜੇ ਖੇਤ 'ਚ ਖਾਦ ਪਾਉਣ ਗਿਆ ਸੀ ਅਤੇ ਮੋਟਰ 'ਤੇ ਉਸ ਨੇ ਸਪਰੇਅ ਕਰਨ ਵਾਲੀ ਦਵਾਈ ਪੀ ਲਈ ਜਿਸ ਨੂੰ ਲੁਧਿਆਣਾ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਇਲਾਜ ਮਹਿੰਗਾ ਹੋਣ ਕਾਰਨ ਉਨ੍ਹਾਂ ਨੂੰ ਭੁਪਿੰਦਰ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਦਿਵਾਉਣੀ ਪਈ ਪਰ ਘਰ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਹੀ ਉਹ ਦਮ ਤੋੜ ਗਿਆ। ਡੇਹਲੋਂ ਪੁਲਸ ਨੇ ਇਸ ਸਬੰਧੀ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਅਮਲ 'ਚ ਲਿਆਂਦੀ ਹੈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ।


Related News