ਮੱਲਣ ਮੰਡੀ ''ਚੋਂ ਝੋਨਾ ਚੁੱਕ ਕੇ ਲਿਜਾਣ ਲੱਗੇ ਕਿਸਾਨ

Wednesday, Oct 25, 2017 - 07:59 AM (IST)

ਮੱਲਣ ਮੰਡੀ ''ਚੋਂ ਝੋਨਾ ਚੁੱਕ ਕੇ ਲਿਜਾਣ ਲੱਗੇ ਕਿਸਾਨ

ਦੋਦਾ  (ਜ.ਬ.) - ਇਕ ਪਾਸੇ ਜਿਥੇ ਸੂਬਾ ਸਰਕਾਰ ਕਿਸਾਨਾਂ ਨੂੰ ਮੰਡੀ 'ਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦੇਣ ਦੀ ਗੱਲ ਕਰ ਰਹੀ ਹੈ, ਉਥੇ ਹੀ ਪਿੰਡ ਮੱਲਣ ਦੀ ਅਨਾਜ ਮੰਡੀ 'ਚ ਕਿਸਾਨ ਬੀਤੇ 20 ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ, ਜਿਨ੍ਹਾਂ ਦੇ ਝੋਨੇ ਦੀ ਬੋਲੀ ਤੱਕ ਨਹੀਂ ਲੱਗ ਰਹੀ।
ਜ਼ਿਕਰਯੋਗ ਹੈ ਕਿ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਤੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੇ ਦਿਨੀਂ ਮੰਡੀ ਦਾ ਦੌਰਾ ਕਰ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ ਪਰ ਸਮੱਸਿਆ ਜਿਉਂ ਦੀ ਤਿਉਂ ਹੈ। ਮੰਗਲਵਾਰ ਨੂੰ ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਮੁਖੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਨਾਜ ਮੰਡੀ ਦਾ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਪਹਿਲਾਂ ਜੈਤੋ ਦੇ ਸ਼ੈਲਰ 'ਚ ਝੋਨਾ ਲਿਜਾਇਆ ਜਾਂਦਾ ਸੀ ਜੋ ਕਿ ਸਿਰਫ 14 ਕਿਲੋਮੀਟਰ ਦੂਰੀ 'ਤੇ ਹੈ ਪਰ ਇਸ ਵਾਰ ਇਹ ਝੋਨਾ ਮੁਕਤਸਰ 'ਚ 25 ਕਿਲੋਮੀਟਰ ਦੂਰ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਇਸ ਸਮੇਂ ਤੱਕ ਦੋ ਲੱਖ ਗੱਟੇ ਦੀ ਖਰੀਦ ਹੁੰਦੀ ਸੀ ਪਰ ਇਸ ਵਾਰ ਅਜੇ ਤੱਕ 50 ਹਜ਼ਾਰ ਗੱਟਾ ਵੀ ਨਹੀਂ ਖਰੀਦਿਆ ਜਾ ਸਕੇਗਾ।  
ਉਧਰ ਮਾਰਕੀਟ ਕਮੇਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਨੇ ਇਹ ਤਾਂ ਮੰਨਿਆ ਕਿ ਕਿਸਾਨ ਝੋਨਾ ਬਾਹਰ ਦੀ ਮੰਡੀ 'ਚ ਲੈ ਕੇ ਜਾ ਰਹੇ ਹਨ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਕਿ ਝੋਨੇ ਦੀ ਖਰੀਦ ਨਹੀਂ ਹੋ ਰਹੀ ਕਿਉਂਕਿ ਜਦ ਤੱਕ ਨਮੀ ਦੀ ਮਾਤਰਾ ਸਹੀ ਨਹੀਂ ਹੋਵੇਗੀ, ਝੋਨੇ ਦੀ ਖਰੀਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਸ਼ੀਨ ਵੀ ਉਨ੍ਹਾਂ ਮੰਗਵਾ ਕੇ ਚੈੱਕ ਕੀਤੀ ਹੈ ਪਰ ਨਮੀ ਦੀ ਮਾਤਰਾ ਜ਼ਿਆਦਾ ਜਾ ਰਹੀ ਹੈ। ਜਦ ਤੱਕ ਨਮੀ ਸਹੀ ਨਹੀਂ ਹੋਵੇਗੀ, ਉਹ ਖਰੀਦ ਨਹੀਂ ਕਰਵਾ ਸਕਦੇ। ਜੇਕਰ ਕੋਈ ਜਾਣਬੁੱਝ ਕੇ ਪ੍ਰੇਸ਼ਾਨ ਕਰਦਾ ਹੈ ਤਾਂ ਉਨ੍ਹਾਂ ਨੂੰ ਕੋਈ ਵੀ ਕਿਸਾਨ ਲਿਖਤੀ ਸ਼ਿਕਾਇਤ ਕਰ ਸਕਦਾ ਹੈ। ਇਸ ਮਾਮਲੇ 'ਚ ਤੁਰੰਤ ਕਾਰਵਾਈ ਕੀਤੀ ਜਾਵੇਗੀ।


Related News