ਕਰਜ਼ਾਈ ਕਿਸਾਨ ਵੱਲੋਂ ਆਤਮ ਹੱਤਿਆ
Wednesday, Dec 27, 2017 - 07:40 AM (IST)
ਮੋਗਾ (ਆਜ਼ਾਦ) - ਬੀਤੀ 25 ਦਸੰਬਰ ਨੂੰ ਕਰਜ਼ੇ ਤੋਂ ਤੰਗ ਆ ਕੇ ਮੋਗੇ ਦੇ ਨੇੜਲੇ ਪਿੰਡ ਜੋਗੇਵਾਲਾ ਦੇ ਕਿਸਾਨ ਰਜਿੰਦਰ ਸਿੰਘ (47) ਵੱਲੋਂ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਆਤਮ ਹੱਤਿਆ ਕਰ ਲਈ ਗਈ।
ਕੀ ਹੈ ਸਾਰਾ ਮਾਮਲਾ
ਮ੍ਰਿਤਕ ਕਿਸਾਨ ਰਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ 3 ਬੱਚਿਆਂ ਦਾ ਪਿਤਾ ਸੀ ਅਤੇ ਉਸ ਕੋਲ 4 ਏਕੜ ਜ਼ਮੀਨ ਸੀ, ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਉਸ ਦੀ ਪਤਨੀ ਸਰਬਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਪੰਜਾਬ ਐਂਡ ਸਿੰਧ ਬੈਂਕ ਦੌਲਤਪੁਰਾ ਨੀਵਾਂ ਤੋਂ 4 ਲੱਖ ਰੁਪਏ ਦੀ ਲਿਮਟ ਬਣਵਾ ਰੱਖੀ ਸੀ। ਇਸੇ ਤਰ੍ਹਾਂ ਕੋਆਪ੍ਰੇਟਿਵ ਬੈਂਕ ਖੁਖਰਾਣਾ ਦੇ ਵੀ 70-80 ਹਜ਼ਾਰ ਰੁਪਏ ਦੇਣੇ ਸਨ, ਜਦਕਿ ਉਹ ਮੋਗਾ ਦੀ ਦਾਣਾ ਮੰਡੀ 'ਚ ਸਥਿਤ ਕਮਿਸ਼ਨ ਏਜੰਟ ਦਾ ਵੀ 4 ਲੱਖ ਰੁਪਏ ਦਾ ਕਰਜ਼ਾਈ ਸੀ। ਉਕਤ ਕਰਜ਼ੇ ਨੂੰ ਲੈ ਕੇ ਉਸ ਦਾ ਪਤੀ ਮਾਨਸਿਕ ਤੌਰ 'ਤੇ ਪਿਛਲੇ ਲੰਮੇ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਅਸੀਂ ਕਈ ਵਾਰ ਉਸ ਨੂੰ ਸਮਝਾਉਣ ਦਾ ਵੀ ਯਤਨ ਕੀਤਾ। ਬੀਤੀ 25 ਦਸੰਬਰ ਨੂੰ ਸਵੇਰੇ 8 ਵਜੇ ਉਹ ਮੋਟਰਸਾਈਕਲ ਲੈ ਕੇ ਉਸ ਸਮੇਂ ਘਰੋਂ ਗਿਆ, ਜਦ ਅਸੀਂ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਹੋਏ ਸੀ, ਜਦ ਹੀ ਮੇਰੇ ਲੜਕੇ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਪਿਤਾ ਦੀ ਭਾਲ ਕੀਤੀ ਪਰ ਇਕ ਘੰਟੇ ਬਾਅਦ ਉਸ ਦਾ ਪਤੀ ਘਰ ਵਾਪਸ ਆ ਗਿਆ। ਉਸ ਦੀ ਹਾਲਤ ਕਾਫੀ ਖਰਾਬ ਸੀ ਅਤੇ ਉਹ ਉਲਟੀਆਂ ਕਰ ਰਿਹਾ ਸੀ, ਜਿਸ 'ਤੇ ਮੈਂ ਅਤੇ ਉਸ ਦਾ ਭਰਾ ਜਗਰਾਜ ਸਿੰਘ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਤੁਰੰਤ ਇਲਾਜ ਲਈ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਲੈ ਗਏ, ਜਿਥੇ ਉਸ ਨੇ ਦਮ ਤੋੜ ਦਿੱਤਾ, ਜਿਸ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ।
ਕੀ ਹੋਈ ਪੁਲਸ ਕਾਰਵਾਈ
ਥਾਣਾ ਸਦਰ ਦੇ ਹੌਲਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ 'ਤੇ ਉਹ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਜ ਮ੍ਰਿਤਕ ਕਿਸਾਨ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਅਤੇ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
