ਕਾਉਣੀ ਦਾ ਵਾਟਰ ਵਰਕਸ ਬਣਿਆ ਚਿੱਟਾ ਹਾਥੀ

04/20/2019 4:47:01 AM

ਫਰੀਦਕੋਟ (ਪਰਮਜੀਤ)-ਪਿੰਡ ਕਾਉਣੀ ਵਿਖੇ ਕਰੀਬ ਦੋ ਕਰੋਡ਼ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਵਾਟਰ ਵਰਕਸ ਪਿੰਡ ਵਾਸੀਆਂ ਲਈ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਸੇਵਕ ਸਿੰਘ ਖਾਲਸਾ ਤੇ ਨਗਰ ਨਿਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਧਰਤੀ ਹੇਠਲਾ ਪਾਣੀ ਬਹੁਤ ਮਾਡ਼ਾ ਤੇ ਪੀਣ ਯੋਗ ਨਹੀਂ ਹੈ। ਪਿੰਡ ਦੇ ਲੋਕਾਂ ਦੀ ਸਹੂਲਤਾਂ ਲਈ ਪੀਣ ਯੋਗ ਸਾਫ ਪਾਣੀ ਦੇਣ ਲਈ ਲਾਏ ਗਏ ਵਾਟਰ ਵਰਕਸ ਪਿੰਡ ਵਾਸੀਆਂ ਨੂੰ ਪਾਣੀ ਸਪਲਾਈ ਨਹੀਂ ਕਰ ਰਿਹਾ। ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਨੇ ਵਾਰ-ਵਾਰ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ 15-20 ਦਿਨਾਂ ਵਿਚ ਸਪਲਾਈ ਯਕੀਨੀ ਬਣਾਵਾਂਗੇ ਪਰ ਹਾਲੇ ਤੱਕ ਸੰਭਵ ਨਹੀਂ ਹੋ ਸਕਿਆ। ਅੱਜ ਜਦੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਸੈਟੀਨੇਸ਼ਨ ਵਿਭਾਗ ਦੇ ਐਕਸੀਅਨ ਤੇ ਐੱਸ. ਡੀ. ਓ. ਪਿੰਡ ਪੁੱਜੇ ਤਾਂ ਨਗਰ ਨਿਵਾਸੀਆਂ ਨੇ ਪਾਣੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ। ਜਿਸ ’ਤੇ ਵਿਧਾਇਕ ਨੇ ਪਿੰਡ ਵਾਸੀਆਂ ਨੂੰ ਪਾਣੀ ਦੀ ਸਪਲਾਈ ਜਲਦੀ ਯਕੀਨੀ ਬਣਾਉਣ ਦਾ ਵਿਸ਼ਵਾਸ ਦਿਵਾਇਆ। ਪਿੰਡ ਵਾਸੀਆਂ ਨੇ ਕਿਹਾ ਕਿ ਜਦ ਤਕ ਪਿੰਡ ਨੂੰ ਤਿੰਨ ਭਾਗਾਂ ’ਚ ਨਹੀਂ ਵੰਡਿਆ ਜਾਂਦਾ, ਪਾਈਪਾਂ ਠੀਕ ਕਰ ਕੇ ਨਹੀਂ ਪਾਈਆਂ ਜਾਂਦੀਆਂ, ਘਰਾਂ ਨੂੰ ਪਾਣੀ ਸਪਲਾਈ ਸਹੀ ਤਰੀਕੇ ਨਾਲ ਨਹੀਂ ਸਕਦਾ। ਜੇਕਰ ਲੋਕਾਂ ਦੇ ਘਰ ਤਕ ਵਿਭਾਗ ਨੇ ਪਾਣੀ ਪੁੱਜਦਾ ਨਾ ਕੀਤਾ ਤਾਂ ਅਸੀਂ ਅਦਾਲਤੀ ਕੇਸ ਕਰਨ ਲਈ ਮਜਬੂਰ ਹੋਵਾਂਗੇ ਤੇ ਸੰਘਰਸ਼ ਨੂੰ ਤਿੱਖਾ ਕਰਾਂਗੇ। ਉਨ੍ਹਾਂ ਠੇਕੇਦਾਰ ਵੱਲੋਂ ਕੀਤੇ ਘਪਲੇ ਦੀ ਜਾਂਚ ਕਰਾਉਣ ਦੀ ਮੰਗ ਵੀ ਕੀਤੀ। ਇਸ ਸਮੇਂ ਮੇਜਰ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ, ਬੇਅੰਤ ਸਿੰਘ, ਵੀਰ ਸਿੰਘ, ਪਿੱਪਲ ਸਿੰਘ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।

Related News