ਛੱਪਡ਼ ਦੇ ਗੰਦੇ ਪਾਣੀ ਕਾਰਨ ਮਕਾਨ ਧਸਿਆ
Friday, Apr 19, 2019 - 10:00 AM (IST)
ਫਰੀਦਕੋਟ (ਜਿੰਦਲ)-ਬਠਿੰਡਾ ਰੋਡ ’ਤੇ ਪੈਂਦੇ ਫ਼ਰੀਦ ਨਗਰ ਵਿਖੇ ਬਾਬਾ ਕੁਲਵੰਤ ਚਿਸਤੀ ਵਾਲੀ ਗਲੀ ’ਚ ਇਕ ਗੰਦੇ ਪਾਣੀ ਦਾ ਛੱਪਡ਼ ਬਣਿਆ ਹੋਇਆ ਹੈ। ਇਸ ਬਦਬੂ ਕਾਰਨ ਕਈ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਛੱਪਡ਼ ਦੇ ਨੇਡ਼ੇ ਰਹਿਣ ਵਾਲੇ ਲੋਕ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਬੀਤੇ ਦਿਨ ਇਸ ਛੱਪਡ਼ ਦੇ ਨਜ਼ਦੀਕ ਵਾਲਾ ਮਕਾਨ ਅਤੇ ਫ਼ਰਸ਼ ਧਸ ਗਿਆ। ਮਕਾਨ ਮਾਲਕ ਗੁਰਮੇਲ ਸਿੰਘ ਪੁੱਤਰ ਬਚਿੱਤਰ ਸਿੰਘ ਸੇਵਾ ਮੁਕਤ ਬਿਜਲੀ ਬੋਰਡ ਮੁਲਾਜ਼ਮ ਨੇ ਸਮਝਿਆ ਕਿ ਭੂਚਾਲ ਆ ਗਿਆ ਹੈ ਪਰ ਭੂਚਾਲ ਨਹੀਂ ਸੀ, ਇਹ ਨਜ਼ਦੀਕ ਬਣੇ ਛੱਪਡ਼ ਦੇ ਗੰਦੇ ਪਾਣੀ ਕਾਰਨ ਹੋਇਆ ਸੀ। ਹੁਣ ਇਹ ਮਕਾਨ ਡਿੱਗਣ ਦਾ ਖਤਰਾ ਹੈ। ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ 10 ਸਾਲ ਪਹਿਲਾਂ ਕਰਜ਼ਾ ਲੈ ਕੇ ਮਕਾਨ ਬਣਾਇਆ ਸੀ ਪਰ ਹੁਣ ਇਸ ਮਕਾਨ ’ਚ ਰਹਿਣਾ ਵੀ ਨਸੀਬ ਨਹੀਂ ਹੋ ਰਿਹਾ। ਉਸ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਸਬੰਧਤ ਅਧਿਕਾਰੀਆਂ ਤੇ ਰਾਜਨੀਤਕ ਆਗੂਆਂ ਨੂੰ ਸ਼ਿਕਾਇਤਾਂ ਵੀ ਇੱਥੋਂ ਦੇ ਲੋਕਾਂ ਵੱਲੋਂ ਕੀਤੀਆਂ ਗਈਆਂ ਸਨ ਪਰ ਕੋਈ ਅਸਰ ਨਹੀਂ ਹੋਇਆ। ਇਸ ਮੁਹੱਲੇ ’ਚ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਸਮੂਹ ਮੁਹੱਲਾ ਨਿਵਾਸੀ ਪ੍ਰੇਸ਼ਾਨ ਹਨ। ਪ੍ਰਸ਼ਾਸਨ ਤੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਮੁਹੱਲਾ ਨਿਵਾਸੀਆਂ ਨੇ ਇਸ ਗੰਦੇ ਪਾਣੀ ਦੇ ਛੱਪਡ਼ ਕੋਲ ਬੈਠ ਕੇ ਧਰਨਾ ਲਾਇਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੁਰਮੇਲ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮੁਹੱਲਾ ਨਿਵਾਸੀ ਦੇਵੀ ਲਾਲ ਸੇਠੀ, ਮਾਸਟਰ ਲਾਲ ਚੰਦ, ਜਸਵੀਰ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਹਰਵੀਰ ਸਿੰਘ, ਰਾਜਨ ਸੇਠੀ, ਸੁਰੇਸ਼ ਕੁਮਾਰ ਸੇਠੀ, ਜਸਪਾਲ ਸਿੰਘ, ਤਲਵਿੰਦਰ ਸਿੰਘ, ਹਰਮੰਦਰ ਸਿੰਘ, ਅਮਨਜੋਤ ਸਿੰਘ, ਕਮਲਜੀਤ ਕੌਰ, ਸੀਮਾ ਰਾਣੀ, ਪਰਮਿੰਦਰ ਕੌਰ, ਹਰਜਿੰਦਰ ਕੌਰ, ਅਮਰਜੀਤ ਕੌਰ, ਸੰਤੋਸ਼ ਰਾਣੀ ਆਦਿ ਹਾਜ਼ਰ ਸਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹ ਇਸ ਮੁਹੱਲੇ ਦੀ ਵੀ ਸਾਰ ਲੈਣ, ਬੀਮਾਰੀਆਂ ਫ਼ੈਲਣ ਤੋਂ ਬਾਅਦ ਆਉਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ।
