ਵੱਖ-ਵੱਖ ਥਾਈਂ ਤੇਜ਼ ਹਵਾਵਾਂ ਤੇ ਮੀਂਹ ਕਾਰਨ ਖੇਤਾਂ ’ਚ ਵਿਛੀ ਕਣਕ ਦੀ ਫਸਲ
Wednesday, Feb 27, 2019 - 04:09 AM (IST)

ਫਰੀਦਕੋਟ (ਜਸਬੀਰ)-ਕੁਝ ਦਿਨਾਂ ਤੋਂ ਪੂਰੇ ਪੰਜਾਬ ਵਿਚ ਰੁਕ-ਰੁਕ ਕੇ ਪੈ ਰਹੇ ਮੀਂਹ ਪਿੱਛੋਂ ਸਾਫ ਹੋਏ ਮੌਸਮ ਤੋਂ ਬਾਅਦ ਬੀਤੀ ਰਾਤ ਚੱਲੀਆਂ ਤੇਜ਼ ਹਵਾਵਾਂ ਨੇ ਜਿੱਥੇ ਦਰੱਖਤਾਂ ਨੂੰ ਜਡ਼੍ਹੋ ਪੁੱਟ ਕੇ ਉਖਾਡ਼ ਦਿੱਤਾ, ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ। ਕਿਸਾਨਾਂ ਦੀ ਹਾਡ਼੍ਹੀ ਦੀ ਮੁੱਖ ਫਸਲ ਕਣਕ, ਜੋ ਅੱਜਕਲ ਆਪਣੇ ਪੂਰੇ ਜੋਬਨ ’ਤੇ ਹੈ ਪਰ ਚੱਲੀਆਂ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਨੂੰ ਖੇਤਾਂ ’ਚ ਵਿਛਾ ਕੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਅਜੇ ਕਈ ਥਾਵਾਂ ’ਤੇ ਮੀਂਹ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਫਰੀਦਕੋਟ ਦੇ ਪਿੰਡ ਮੋਰਾਂਵਾਲੀ, ਸ਼ੇਰ ਸਿੰਘ ਵਾਲਾ ਅਤੇ ਹੋਰ ਕਈ ਥਾਵਾਂ ’ਤੇ ਤੇਜ਼ ਹਵਾਵਾਂ ਚੱਲਣ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਅਗਾਂਹਵਧੂ ਕਿਸਾਨ ਕੌਰ ਸਿੰਘ ਬਰਾਡ਼, ਪਿੱਪਲ ਸਿੰਘ ਸੰਧੂ, ਜਸਪਾਲ ਸਿੰਘ ਬਰਾਡ਼ ਅਤੇ ਦਲੀਪ ਸਿੰਘ ਬਾਸੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਤੁਰੰਤ ਮੁਆਵਜ਼ਾ ਦਿੱਤਾ ਜਾਵੇ।