ਮੁੱਖ ਮੰਤਰੀ ਵਲੋਂ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਸਵਾਲ 'ਤੇ ਭੜਕੇ ਮੁਹੰਮਦ ਸਦੀਕ

04/18/2019 10:11:20 AM

ਗਿੱਦੜਬਾਹਾ (ਚਾਵਲਾ) - ਕਾਂਗਰਸ ਪਾਰਟੀ ਵਲੋਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੁਹੰਮਦ ਸਦੀਕ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਬੀਤੀ ਦੇਰ ਸ਼ਾਮ ਸਥਾਨਕ ਠਾਕੁਰ ਮੁਹੱਲੇ 'ਚ ਚੋਣ ਜਲਸੇ ਨੂੰ ਸੰਬੋਧਨ ਕਰਨ ਪੁੱਜੇ ਮੁਹੰਮਦ ਸਦੀਕ ਨੂੰ ਜਦ ਪੱਤਰਕਾਰਾਂ ਨੇ ਚੋਣ ਮੁੱਦਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੋਟਬੰਦੀ, ਅਕਾਲੀ ਭਾਜਪਾ ਸਰਕਾਰ ਦੌਰਾਨ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੱਡੇ ਮੁੱਦੇ ਹਨ। ਬੇਅਦਬੀ ਕਾਂਡ ਕਾਰਨ ਸਿੱਖਾਂ ਦੇ ਹਿਰਦਿਆਂ ਨੂੰ ਵੱਡੀ ਠੇਸ ਪੁੱਜੀ ਹੈ, ਜਿਸ ਲਈ ਸਿੱਖ ਸੰਗਤ ਅਕਾਲੀ ਦਲ ਨੂੰ ਕਦੇ ਮੁਆਫ ਨਹੀਂ ਕਰੇਗੀ। ਇਸ ਮੌਕੇ ਜਦ ਉਨ੍ਹਾਂ ਪਾਸੋਂ ਕੈਪਟਨ ਅਮਰਿੰਦਰ ਸਿੰਘ ਦੀ ਗੁਟਕਾ ਸਾਹਿਬ ਹੱਥ 'ਚ ਫੜ੍ਹ ਕੇ ਨਸ਼ਾ ਖ਼ਤਮ ਕਰਨ ਦੀ ਚੁੱਕੀ ਸਹੁੰ ਬਾਰੇ ਪੁੱਛਿਆ ਗਿਆ ਤਾਂ ਮੁਹੰਮਦ ਸਦੀਕ ਇਕ ਦਮ ਭੜਕ ਪਏ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕੱਲੇ-ਇਕੱਲੇ ਘਰ 'ਚ ਤਾਂ ਨਹੀਂ ਜਾ ਸਕਦੇ ਪਰ ਉਨ੍ਹਾਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਠੱਲ ਜ਼ਰੂਰ ਪਾਈ ਹੈ। 

ਇਸ ਮੌਕੇ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਜੀ.ਐੱਸ.ਟੀ. ਅਤੇ ਨੋਟਬੰਦੀ ਦੇ ਮੁੰਦੇ 'ਤੇ ਘੇਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ 'ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਨੂੰ ਵੋਟਾਂ ਨਾ ਦੇਣ। ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕਾਂਗਰਸ ਨੂੰ ਬਠਿੰਡੇ ਤੋਂ ਉਨ੍ਹਾਂ ਦੇ ਮੁਕਾਬਲੇ ਕੋਈ ਉਮੀਦਵਾਰ ਨਾਲ ਮਿਲਣ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਬੀਬਾ ਹਰਸਿਮਰਤ ਨੂੰ ਟੱਕਰ ਦੇਣ ਲਈ ਅਨੇਕਾਂ ਉਮੀਦਵਾਰ ਹਨ। ਇਸੇ ਲਈ ਪਹਿਲਾਂ ਬੀਬਾ ਜੀ ਆਪਣੀ ਸੀਟ ਸਬੰਧੀ ਸਥਿਤੀ ਸਾਫ਼ ਕਰਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਬਠਿੰਡਾ ਤੋਂ ਟਿਕਟ ਦਿੰਦੀ ਹੈ ਤਾਂ ਉਹ ਚੋਣ ਲੜਣਗੇ ਅਤੇ ਬੀਬਾ ਜੀ ਨੂੰ ਹਰਾ ਕੇ ਉਹ ਉਨ੍ਹਾਂ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਣਗੇ। ਇਸ ਮੌਕੇ ਬੀਬੀ ਰਣਜੀਤ ਕੌਰ, ਪੰਜਾਬ ਕਾਂਗਰਸ ਦੇ ਸਕੱਤਰ ਨਰਿੰਦਰ ਸਿੰਘ ਕਾਉਣੀ, ਸ਼ਹਿਰੀ ਬਲਾਕ ਪ੍ਰਧਾਨ ਦੀਪਕ ਗਰਗ ਆਦਿ ਮੌਜੂਦ ਸਨ।


rajwinder kaur

Content Editor

Related News