ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ
Sunday, May 29, 2022 - 11:51 PM (IST)

ਮਾਨਸਾ (ਵੈੱਬ ਡੈਸਕ, ਸੰਦੀਪ ਮਿੱਤਲ) : ਹਿੰਦੁਸਤਾਨ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਸ਼ੁਭਜੀਤ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ’ਤੇ ਇਹ ਹਮਲਾ ਪਿੰਡ ਜਵਾਹਰਕੇ ਨੇੜੇ ਹੋਇਆ ਹੈ। ਗੋਲ਼ੀਆਂ ਲੱਗਣ ਕਾਰਣ ਸਿੱਧੂ ਮੂਸੇਵਾਲ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਤੁਰੰਤ ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰਦਾਤ ਦੌਰਾਨ ਹਮਲਾਵਰਾਂ ਨੇ ਲਗਭਗ 30 ਤੋਂ 35 ਰੋਂਦ ਫਾਇਰ ਕੀਤੇ, ਜਿਸ ਵਿਚ ਸਿੱਧੂ ਦੇ ਲਗਭਗ 20 ਗੋਲ਼ੀਆਂ ਲੱਗੀਆਂ।
ਇਹ ਵੀ ਪੜ੍ਹੋ : ਸਿੱਧੂ-ਮਜੀਠੀਆ ਨੂੰ ਹਰਾਉਣ ਵਾਲੀ ਵਿਧਾਇਕਾ ਜੀਵਨ ਜੋਤ ਕੌਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜਵਾਹਰਕੇ ਦੇ ਮਾਤਾ ਰਾਣੀ ਚੌਂਕ ਵਿਚ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਸਮੇਤ ਥਾਰ ਗੱਡੀ ’ਤੇ ਆਪਣੇ ਪਿੰਡ ਮੂਸਾ ਵਿਖੇ ਜਾ ਰਹੇ ਸੀ ਤਾਂ ਅਚਾਨਕ ਇਕ ਕਾਲੇ ਰੰਗ ਦੀ ਇਨਡੈਵਰ ਗੱਡੀ ਵਿਚ ਸਵਾਰ ਹੋ ਕੇ ਆਏ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ’ਤੇ ਕਈ ਗੋਲੀਆਂ ਸਿੱਧੂ ਮੂਸੇਵਾਲਾ ਦੀ ਬਾਂਹ ਅਤੇ ਛਾਤੀ ਵਿਚ ਲੱਗੀਆਂ। ਇਸ ਮੌਕੇ ਉਨ੍ਹਾਂ ਨਾਲ ਥਾਰ ਵਿਚ ਮੌਜੂਦ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੂਸਾ ਵੀ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਸਿੱਧੂ ਮੂਸੇਵਾਲਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਦੀ ਖ਼ਬਰ ਮਿਲਦਿਆਂ ਹੀ ਸਿਵਲ ਹਸਪਤਾਲ ਵਿਚ ਕਾਂਗਰਸੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਜਮ੍ਹਾਵੜਾ ਲੱਗ ਗਿਆ, ਜਿਨ੍ਹਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸਿਵਲ ਹਸਪਤਾਲ ਵਿਚ ਮੌਜੂਦ ਸਿੱਧੂ ਮੂਸੇਵਾਲਾ ਦੀ ਮਾਤਾ ਅਤੇ ਪਿੰਡ ਮੂਸਾ ਦੀ ਸਰਪੰਚ ਚਰਨਜੀਤ ਕੌਰ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਵਲੋਂ ਇਕ ਸਾਜ਼ਿਸ਼ ਤਹਿਤ ਉਸ ਦੇ ਲੜਕੇ ਉਪਰ ਜਾਣਬੁੱਝ ਕੇ ਹਮਲਾ ਕਰਵਾਇਆ ਗਿਆ ਹੈ ਤਾਂ ਕਿ ਪੰਜਾਬ ਵਿਚੋਂ ਕਾਂਗਰਸੀ ਆਗੂਆਂ ਦਾ ਖਾਤਮਾ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਸ਼ਦੀਪ ਗਾਗੋਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨਦੀਪ ਗੋਰਾ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਮੰਗਤ ਰਾਏ ਬਾਂਸਲ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਜਾਣਬੁੱਝ ਕੇ ਜਿੱਥੇ ਕਾਂਗਰਸੀਆਂ ਉਪਰ ਹਮਲੇ ਕਰਵਾ ਰਹੀ ਹੈ। ਉਥੇ ਹੀ ਉਨ੍ਹਾਂ ਨੂੰ ਵੱਖ-ਵੱਖ ਕੇਸਾਂ ਵਿਚ ਉਲਝਾਉਣ ਦੀ ਸਾਜ਼ਿਸ਼ ਰਚ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸਵਾਲ ਕੀਤਾ ਕਿ ਸ਼ਰੇਆਮ ਹਮਲੇ ਕਰਵਾ ਕੇ ਲੋਕਾਂ ਨੂੰ ਮਾਰਨ ਦੀ ਨੀਅਤ ਨਾਲ ਰਚੀਆਂ ਜਾ ਰਹੀਆਂ ਸਾਜਿਸ਼ਾਂ, ਕੀ ਇਹੀ ਬਦਲਾਅ ਹਨ।
ਇਹ ਵੀ ਪੜ੍ਹੋ : ਪਤੀ-ਪਤਨੀ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ, ਪਿੱਛੇ ਵਿਲਕਦੀ ਰਹਿ ਗਈ ਦੋ ਸਾਲਾ ਦੀ ਧੀ