ਅੰਮ੍ਰਿਤਸਰ : ਕੋਰੋਨਾ ਨੇ ਮਾਰੀ ਇਨਸਾਨੀਅਤ, ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ
Tuesday, Apr 07, 2020 - 06:15 PM (IST)
ਅੰਮ੍ਰਿਤਸਰ (ਨੀਰਜ, ਸੰਜੀਵ) : ਨਗਰ ਨਿਗਮ ਦੇ ਸਾਬਕਾ ਵਧੀਕ ਕਮਿਸ਼ਨਰ (ਟੈਕਨੀਕਲ) ਜਸਵਿੰਦਰ ਸਿੰਘ ਦੀ ਬੀਤੇ ਦਿਨੀਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਕਾਰਨ ਮੌਤ ਹੋ ਗਈ ਸੀ। ਅੱਜ ਉਸ ਦੇ ਪਰਿਵਾਰ ਨੇ ਉਨਾਂ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀਆਂ ਹਦਾਇਤਾਂ 'ਤੇ ਐੱਸ. ਡੀ. ਐੱਮ. ਸ੍ਰੀ ਵਿਕਾਸ ਹੀਰਾ, ਏ. ਸੀ. ਪੀ. ਜਸਪ੍ਰੀਤ ਸਿੰਘ, ਤਹਿਸੀਲਦਾਰ ਅਰਚਨਾ, ਐੱਸ. ਐੱਚ. ਓ. ਗੁਰਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਬਾਬਾ ਸ਼ਹੀਦਾਂ ਸਮਸ਼ਾਨ ਘਾਟ 'ਚ ਅੱਜ ਸਵੇਰੇ ਧਾਰਮਿਕ ਰਸਮਾਂ ਨਾਲ ਸ. ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਮੌਕੇ 'ਤੇ ਜਾ ਕੇ ਕਰਵਾਇਆ। ਇਸ ਮੌਕੇ ਪਟਵਾਰੀਆਂ ਅਤੇ ਅੰਮ੍ਰਿਤਸਰ ਮਿਊਂਸੀਪਲ ਦੇ ਕਰਮਚਾਰੀਆਂ ਵੱਲੋਂ ਅਰਥੀ ਨੂੰ ਮੋਢਾ ਦੇਣ ਤੋਂ ਲੈ ਕੇ ਲਾਬੂੰ ਲਗਾਉਣ ਤੱਕ ਦੀਆਂ ਸਾਰੀ ਰਸਮਾਂ ਨਿਭਾਈਆਂ।
ਅਰਦਾਸ ਲਈ ਗ੍ਰੰਥੀ ਸਿੰਘ ਦਾ ਪ੍ਰਬੰਧ ਵੀ ਤਹਿਸੀਲਦਾਰ ਅਰਚਨਾ ਵੱਲੋਂ ਗੁਰਦੁਆਰਾ ਸਾਹਿਬ ਤੋਂ ਕਰਵਾਇਆ ਗਿਆ।
ਇਹ ਵੀ ਪੜ੍ਹੋ ► ਅੰਮ੍ਰਿਤਸਰ 'ਚ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੂੰ ਕੀਤਾ ਆਈਸੋਲੇਟ
ਵਿਕਾਸ ਹੀਰਾ ਐੱਸ. ਡੀ. ਐੱਮ. ਅੰਮ੍ਰਿਤਸਰ ਇਕ ਨੇ ਦੱਸਿਆ ਕਿ ਪਹਿਲਾਂ ਅਸੀਂ ਪਰਿਵਾਰ ਨਾਲ ਮ੍ਰਿਤਕ ਦੇਹ ਲੈਣ ਲਈ ਰਾਬਤਾ ਕੀਤਾ ਸੀ ਪਰ ਉਨ੍ਹਾਂ ਵੱਲੋਂ ਹਾਂ 'ਚ ਜਵਾਬ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਦੀ ਬੇਟੀ ਵੀ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸ ਨੇ ਵੀ ਮ੍ਰਿਤਕ ਦੇਹ ਲੈਣ ਲਈ ਹੁੰਗਾਰਾ ਤੱਕ ਨਹੀਂ ਭਰਿਆ ਅਤੇ ਇਥੋਂ ਤੱਕ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਸ਼ਮਸ਼ਾਨਘਾਟ ਤੱਕ ਵੀ ਨਹੀਂ ਪੁੱਜਾ। ਸਿੱਟੇ ਵਜੋਂ ਪ੍ਰਸ਼ਾਸ਼ਨ ਵੱਲੋਂ ਗਈ ਸਮੁੱਚੀ ਟੀਮ ਨੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ। ਦੱਸਣਯੋਗ ਹੈ ਕਿ ਨਗਰ ਨਿਗਮ ਦੇ ਸਾਬਕਾ ਵਧੀਕ ਕਮਿਸ਼ਨਰ (ਟੈਕਨੀਕਲ) ਸ੍ਰੀ ਜਸਵਿੰਦਰ ਸਿੰਘ ਉੱਚੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ।
ਇਹ ਵੀ ਪੜ੍ਹੋ ► 'ਕੋਰੋਨਾ' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ 'ਚ ਮੌਤ
ਦੱਸਣਯੋਗ ਹੈ ਕਿ ਨਗਰ ਨਿਗਮ ਦੇ ਰਿਟਾਇਰਡ ਐੱਸ. ਈ. ਜਸਵਿੰਦਰ ਸਿੰਘ (65) ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚਾਟੀਵਿੰਡ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦੀ ਕੋਈ ਵੀ ਟ੍ਰੈਵਲ ਹਿਸਟਰੀ ਨਹੀਂ ਹੈ।
ਮ੍ਰਿਤਕ ਜਸਵਿੰਦਰ ਸਿੰਘ ਜ਼ਿਲੇ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਸੀ। ਉਹ 26 ਮਾਰਚ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਖਾਂਸੀ, ਜ਼ੁਕਾਮ ਅਤੇ ਬੁਖਾਰ ਦੀ ਸ਼ਿਕਾਇਤ ਨੂੰ ਲੈ ਕੇ ਵਾਰਡ ਨੰ. 4 'ਚ ਦਾਖਲ ਹੋਏ ਸਨ। 27 ਮਾਰਚ ਨੂੰ ਸਰਕਾਰੀ ਮੈਡੀਕਲ ਕਾਲਜ ਦੀ ਲੈਬਾਰਟਰੀ 'ਚੋਂ ਕਰਾਏ ਗਏ ਟੈਸਟ 'ਚ ਉਨ੍ਹਾਂ ਦੀ ਰਿਪੋਰਟ ਕੋਰੋਨਾ ਨੈਗੇਟਿਵ ਆਈ ਸੀ। ਹਾਲਤ 'ਚ ਸੁਧਾਰ ਨਾ ਹੁੰਦਾ ਦੇਖ ਕੇ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜ਼ਿਲਾ ਪ੍ਰਸ਼ਾਸਨ ਵਲੋਂ ਬੀਤੀ ਰਾਤ ਹੀ ਉਕਤ ਮਰੀਜ਼ ਦੇ ਪਰਿਵਾਰ ਦੇ ਮੈਂਬਰਾਂ ਨੂੰ 14 ਦਿਨਾਂ ਲਈ ਕੁਆਰਿੰਟਾਈਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ ► ਮੋਗਾ 'ਚ ਵਧੀ ਕੋਰੋਨਾ ਦੀ ਮਾਰ, ਹੋਰ ਤਿੰਨਾਂ ਦੀ ਰਿਪੋਰਟ ਆਈ ਪਾਜ਼ੇਟਿਵ ► ਪਠਾਨਕੋਟ 'ਚ ਕੋਰੋਨਾ ਨੇ ਫੜਿਆ ਜ਼ੋਰ, ਇਕੋਂ ਪਰਿਵਾਰ ਦੇ ਹੋਰ 5 ਜੀਅ ਕੋਰੋਨਾ ਪਾਜ਼ੇਟਿਵ