ਪਾਕਿ ਜੇਲਾਂ ''ਚ ਬੰਦ ਭਾਰਤੀ ਫੌਜੀਆਂ ਨੂੰ ਰਿਹਾਅ ਕਰਵਾਉਣ ਲਈ ਪਰਿਵਾਰਕ ਮੈਂਬਰਾਂ ਕੀਤੀ ਫਰਿਆਦ

Sunday, Aug 13, 2017 - 08:08 AM (IST)

ਪਾਕਿ ਜੇਲਾਂ ''ਚ ਬੰਦ ਭਾਰਤੀ ਫੌਜੀਆਂ ਨੂੰ ਰਿਹਾਅ ਕਰਵਾਉਣ ਲਈ ਪਰਿਵਾਰਕ ਮੈਂਬਰਾਂ ਕੀਤੀ ਫਰਿਆਦ

ਜਲੰਧਰ, (ਕਮਲੇਸ਼)— 1965 ਤੇ 1971 ਵਿਚ ਪਾਕਿਸਤਾਨ ਨਾਲ ਹੋਈ ਜੰਗ ਵਿਚ ਭਾਰਤ ਦੇ ਕੁਝ ਫੌਜੀਆਂ ਨੂੰ ਪਾਕਿਸਤਾਨ ਨੇ ਆਪਣੀਆਂ ਜੇਲਾਂ ਵਿਚ ਕੈਦ ਕਰ ਲਿਆ ਸੀ। ਇਨ੍ਹਾਂ ਵਿਚੋਂ ਕੁਝ ਅਜਿਹੇ ਵੀ ਹਨ, ਜਿਨ੍ਹਾਂ ਨੂੰ ਘਰ ਵਾਲੇ ਸ਼ਹੀਦ ਸਮਝ ਬੈਠੇ ਸਨ। ਉਨ੍ਹਾਂ ਦੇ ਜਿਊਂਦੇ ਹੋਣ ਦੀ ਖਬਰ ਉਨ੍ਹਾਂ ਨੂੰ ਉਨ੍ਹਾਂ ਫੌਜੀਆਂ ਤੋਂ ਮਿਲਦੀ ਹੈ ਜੋ ਪਾਕਿਸਤਾਨ ਦੀਆਂ ਜੇਲਾਂ ਵਿਚੋਂ ਛੁੱਟ ਕੇ ਆਉਂਦੇ ਹਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਜਿਊਂਦੇ ਹੋਣ ਬਾਰੇ ਦੱਸਦੇ ਹਨ।
ਅਜਿਹੇ ਹੀ ਪਾਕਿਸਤਾਨੀ ਜੇਲਾਂ ਵਿਚ ਬੰਦ ਭਾਰਤੀ ਫੌਜੀਆਂ ਦੇ 6 ਪੀੜਤ ਪਰਿਵਾਰਾਂ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਤਕਲੀਫ ਦੱਸੀ। ਇਸ ਦੌਰਾਨ ਕੁੱਝ ਪਰਿਵਾਰਾਂ ਨੇ ਸਰਕਾਰ ਕੋਲ ਫਰਿਆਦ ਕੀਤੀ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪਾਕਿਸਤਾਨ ਦੀਆਂ ਜੇਲਾਂ ਤੋਂ ਮੁਕਤ ਕਰਵਾਇਆ ਜਾਵੇ। 
ਪ੍ਰੈੱਸ ਕਾਨਫਰੰਸ ਦੌਰਾਨ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਜੇਲਾਂ ਵਿਚ ਕਈ ਭਾਰਤੀ ਬੰਦ ਹਨ ਤੇ ਉਨ੍ਹਾਂ ਨੂੰ ਜੇਲਾਂ ਤੋਂ ਆਜ਼ਾਦ ਕਰਵਾਉਣ ਦੇ ਸਿਲਸਿਲੇ ਵਿਚ ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਰੇਟਰੀ ਨਾਲ ਵੀ ਮੁਲਾਕਾਤ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਜੇਲਾਂ ਤੋਂ ਰਿਹਾਅ ਕਰਵਾਇਆ ਜਾਵੇ। 
ਉਨ੍ਹਾਂ ਕਿਹਾ ਕਿ ਉਹ ਇਸ ਲਈ ਭਵਿੱਖ ਵਿਚ ਵੀ ਸੰਘਰਸ਼ ਕਰਦੀ ਰਹੇਗੀ। 


Related News