ਪਰਿਵਾਰਕ ਮੈਂਬਰਾਂ ਲਾਇਆ ਸਿਵਲ ਹਸਪਤਾਲ ''ਚ ਧਰਨਾ

06/29/2017 6:59:42 AM

ਪੱਟੀ, (ਪਾਠਕ)-ਪਿੰਡ ਸੀਤੋ ਮਹਿ ਝੁੱਗੀਆਂ ਵਿਖੇ ਜ਼ਮੀਨੀ ਝਗੜੇ ਕਾਰਨ ਗੋਲੀਆਂ ਮਾਰ ਕੇ ਪਿਓ-ਪੁੱਤਰ ਦਾ ਕਤਲ ਕਰਨ ਦੇ ਦੋਸ਼ 'ਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਅਜੇ ਤੱਕ ਪੁਲਸ ਪ੍ਰਸ਼ਾਸਨ ਅਸਫ਼ਲ ਰਿਹਾ ਹੈ, ਜਿਸ ਕਾਰਨ ਮ੍ਰਿਤਕਾਂ ਮੋਹਕਮ ਸਿੰਘ ਅਤੇ ਦਵਿੰਦਰ ਸਿੰਘ ਦੀਆਂ ਪਤਨੀਆਂ ਅਮਰਜੀਤ ਕੌਰ ਤੇ ਰਜਵੰਤ ਕੌਰ ਨੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਸਮੇਤ ਅੱਜ ਸਿਵਲ ਹਸਪਤਾਲ ਪੱਟੀ ਵਿਖੇ ਧਰਨਾ ਲਗਾ ਕੇ ਪੁਲਸ ਖਿਲਾਫ਼ ਰੋਸ ਜ਼ਾਹਿਰ ਕੀਤਾ ਅਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
 ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਹੋਣ ਦੇਣਗੇ। ਇਸ ਮੌਕੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਮਿਲੇਗਾ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਧਰਨਾ ਚੁੱਕ ਲਿਆ ਅਤੇ ਲਾਸ਼ਾਂ ਦੇ ਪੋਸਟਮਾਰਟਮ ਲਈ ਸਹਿਮਤੀ ਜਤਾਈ। ਗਿੱਲ ਨੇ ਪੁਲਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਇਸ ਸਬੰਧੀ ਰਾਜੇਸ਼ ਕੱਕੜ ਐੱਸ. ਐੱਚ. ਓ. ਸਦਰ ਨੇ ਕਿਹਾ ਕਿ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


Related News