ਉਜੜਿਆ ਹੱਸਦਾ ਵੱਸਦਾ ਪਰਿਵਾਰ, ਭਰਾ ਤੋਂ ਦੁਖੀ ਹੋ ਕੇ ਭਰਾ ਨੇ ਕਰ ਲਈ ਖ਼ੁਦਕੁਸ਼ੀ
Thursday, Jul 11, 2024 - 04:51 PM (IST)

ਨਾਭਾ (ਖੁਰਾਣਾ) : ਨਾਭਾ ਦੀ ਡਿਫੈਂਸ ਕਲੋਨੀ ਵਿਚ ਪਿੰਡ ਅਗੇਤਾਂ ਤੋਂ ਆ ਕੇ ਰਹਿ ਰਹੇ ਅਮਰੋਦ ਸਿੰਘ 48 ਸਾਲਾਂ ਨੇ ਮੰਜੀ ਦੀ ਦੌਣ ਕੱਢ ਘਰ ਦੀ ਲੋਭੀ ਅੰਦਰ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਦਾ ਕਾਰਨ ਉਸ ਨੇ ਆਪਣੇ ਹੱਥੀਂ ਸੁਸਾਈਡ ਨੋਟ ਵਿਚ ਲਿਖਿਆ ਜੋ ਕਿ ਉਸਦੀ ਜੇਬ੍ਹ ਵਿੱਚੋਂ ਨਿਕਲਿਆ ਹੈ। ਅਮਰੋਦ ਸਿੰਘ ਲਿਖੇ ਨੋਟ ਵਿਚ ਆਪਣੇ ਭਰਾ ਰਾਜਿੰਦਰ ਸਿੰਘ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਕਿਉਂਕਿ ਵੰਡ ਮੁਤਾਬਿਕ ਅਮਰੋਦ ਦੇ ਹਿੱਸੇ ਦੀ ਜ਼ਮੀਨ ਰਾਜਿੰਦਰ ਸਿੰਘ ਵੱਲੋਂ ਆਪਣੇ ਨਾਂ ਕਰਵਾ ਲਈ ਸੀ। ਅਮਰੋਦ ਦੀ ਧਰਮ ਪਤਨੀ ਸਕੂਲ ਪੜ੍ਹਾਉਣ ਗਈ ਸੀ ਜਦੋਂ ਉਸਨੇ ਆ ਕੇ ਦੇਖਿਆ ਤਾਂ ਅਮਰੋਦ ਨੇ ਲੋਬੀ ਵਿਚ ਫਾਹਾ ਲਿਆ ਹੋਇਆ ਸੀ। ਅਮਰੋਦ ਦੇ ਘਰ ਵਿਚ ਉਸਦੀ ਪਤਨੀ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਅਮਰੋਦ ਦੀ ਧੀ ਆਸਟ੍ਰੇਲੀਆ ਵਿਚ ਪੜ੍ਹਾਈ ਕਰਨ ਲਈ ਗਈ ਹੈ।
ਮ੍ਰਿਤਕ ਅਮਰੋਦ ਦੀ ਪਤਨੀ ਸੁਖਵਿੰਦਰ ਕੌਰ ਮੁਤਾਬਕ ਉਨ੍ਹਾਂ ਵੱਲੋਂ ਹੋਰ ਪਰਿਵਾਰਿਕ ਮੈਂਬਰਾਂ ਨੂੰ ਵੀ ਅਮਰੋਦ ਦੇ ਭਰਾ ਤੇ ਪਿਤਾ ਕੋਲ ਭੇਜਿਆ ਸੀ ਪਰ ਕੋਈ ਵੀ ਉਨ੍ਹਾਂ ਵੱਲੋਂ ਰਾਹ ਨਹੀਂ ਦਿੱਤਾ ਗਿਆ ਸਗੋਂ ਪਰਿਵਾਰਿਕ ਮੈਂਬਰਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਸੀ। ਮ੍ਰਿਤਕਾ ਅਮਰੋਦ ਸਿੰਘ ਦੀ ਪਤਨੀ ਵੱਲੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ ਉੱਪਰ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਪੁਲਸ ਥਾਣਾ ਸਦਰ ਮੁਖੀ ਗੁਰਵਿੰਦਰ ਸਿੰਘ ਅਨੁਸਾਰ ਮਿਲੇ ਸੁਸਾਈਡ ਨੋਟ ਮੁਤਾਬਕ ਭਰਾ ਰਜਿੰਦਰ ਸਿੰਘ ਅਤੇ ਪਿਤਾ ਜਾਗਰ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।