ਕੈਪਟਨ 'ਤੇ ਭਰੋਸਾ ਕਰਕੇ ਕਰਜ਼ਾਈ ਕਿਸਾਨਾਂ ਨੇ ਖੱਟੀ ਬਦਨਾਮੀ, ਹੋਣਾ ਪਿਆ ਸ਼ਰਮਿੰਦਾ

Wednesday, Aug 02, 2017 - 01:43 PM (IST)

ਮਾਛੀਵਾੜਾ ਸਾਹਿਬ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰਜ਼ਾ ਮੁਆਫੀ ਦੀ ਗੱਲ 'ਤੇ ਭਰੋਸਾ ਕਰਨ ਵਾਲੇ ਕਰਜ਼ਾਈ ਕਿਸਾਨਾਂ ਨੂੰ ਬਦਨਾਮੀ ਖੱਟਣੀ ਪੈ ਗਈ ਹੈ ਕਿਉਂਕਿ ਬੈਂਕਾਂ ਨੇ ਇਨ੍ਹਾਂ ਕਿਸਾਨਾਂ ਨੂੰ ਨੋਟਿਸ ਜਾਰੀ ਕਰਕੇ ਬੈਂਕਾਂ 'ਚ ਤਸਵੀਰਾਂ ਲਾ ਕੇ ਇਨ੍ਹਾਂ ਨੂੰ ਡਿਫਾਲਟਰ ਕਰਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਬੈਂਕ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਰਜ਼ਾ ਮੁਆਫੀ ਦੇ ਐਲਾਨ ਕਾਰਨ ਕਿਸਾਨਾਂ ਨੇ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਅਦਾ ਨਹੀਂ ਕੀਤੀਆਂ, ਜਿਸ ਕਾਰਨ ਰਿਕਵਰੀ ਸਿਰਫ 35 ਤੋਂ 40 ਫੀਸਦੀ ਹੋਈ ਹੈ ਅਤੇ ਹੁਣ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਮੁਤਾਬਕ ਰਿਕਵਰੀ ਦੇ ਨੋਟਿਸ ਦਿੱਤੇ ਜਾ ਰਹੇ ਹਨ। ਸਮਰਾਲਾ 'ਚ ਸਟੇਟ ਬੈਂਕ ਆਫ ਇੰਡੀਆ ਨੇ ਬੋਰਡ 'ਚ ਇਨ੍ਹਾਂ ਕਿਸਾਨਾਂ ਦੀਆਂ ਤਸਵੀਰਾਂ ਚਿਪਕਾ ਦਿੱਤੀਆਂ ਹਨ ਅਤੇ ਹੇਠਾਂ ਲਿਖ ਦਿੱਤਾ ਹੈ ਕਿ ਇਹ ਲੋਕ ਸਾਡੇ ਬੈਂਕ ਦੇ ਡਿਫਾਲਟਰ ਹਨ। ਬੈਂਕ 'ਚ ਆਉਣ ਵਾਲੇ ਲੋਕ ਬੜੀ ਹੈਰਾਨੀ ਨਾਲ ਇਨ੍ਹਾਂ ਤਸਵੀਰਾਂ ਨੂੰ ਦੇਖ ਰਹੇ ਹਨ। ਜੇਕਰ ਇਨ੍ਹਾਂ ਕਿਸਾਨਾਂ ਨੇ ਕਰਜ਼ਾ ਵਾਪਸ ਨਾ ਕੀਤਾ ਤਾਂ ਇਨ੍ਹਾਂ ਦੀਆਂ ਤਸਵੀਰਾਂ ਦੇ ਬੋਰਡ ਸ਼ਹਿਰ ਦੇ ਮੁੱਖ ਚੌਂਕ ਜਾਂ ਜਨਤਕ ਥਾਵਾਂ 'ਤੇ ਵੀ ਲਾਏ ਜਾ ਸਕਦੇ ਹਨ।  
ਬੈਂਕ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ 'ਤੇ ਹੀ ਡਿਫਾਲਟਰ ਕਿਸਾਨਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਬੈਂਕ ਦੇ ਅਧਿਕਾਰੀ ਕਿਸਾਨਾਂ ਕੋਲ ਰਿਕਵਰੀ ਲਈ ਜਾਂਦੇ ਹਨ ਤਾਂ ਕੁਝ ਕਰਜ਼ਾ ਮੁਆਫ ਹੋਣ ਦੀ ਗੱਲ ਕਰਦੇ ਹਨ ਅਤੇ ਕੁਝ ਕਹਿੰਦੇ ਹਨ ਕਿ ਉਨ੍ਹਾਂ ਨੇ ਕਰਜ਼ਾ ਉਤਾਰਨ ਲਈ ਆਪਣੀ ਜ਼ਮੀਨ ਵੇਚਣ ਲਾ ਦਿੱਤੀ ਹੈ। ਜਦੋਂ ਜ਼ਮੀਨ ਵਿਕ ਜਾਵੇਗੀ ਤਾਂ ਉਹ ਕਰਜ਼ਾ ਮੋੜ ਦੇਣਗੇ।
 


Related News