ਕਾਬੂ ਕੀਤੇ ਨਕਲੀ ਸੇਲ ਟੈਕਸ ਇੰਸਪੈਕਟਰ ਦਾ ਮਾਮਲਾ ਹਵਾ ’ਚ, ਕਾਰਵਾਈ ਹੋਈ ‘ਜ਼ੀਰੋ’!
Tuesday, Jan 04, 2022 - 09:47 AM (IST)
ਅੰਮ੍ਰਿਤਸਰ (ਇੰਦਰਜੀਤ) - ਆਮ ਜਨਤਾ ਵਲੋਂ ਪੂਰੇ ਜੋਸ਼ ਨਾਲ ਫੜੇ ਗਏ ਨਕਲੀ ਸੇਲ ਟੈਕਸ ਇੰਸਪੈਕਟਰ ਦਾ ਮਾਮਲਾ ਸਿਰਫ਼ ਹਵਾ ’ਚ ਰਹਿ ਗਿਆ ਹੈ। ਮੌਕੇ ’ਤੇ ਜਿਸ ਤਰ੍ਹਾਂ ਲੋਕਾਂ ਨੇ ਉਸ ਨਕਲੀ ਅਧਿਕਾਰੀ ਨੂੰ ਫੜ ਕੇ ਪੁਲਸ ਦੇ ਹਵਾਲੇ ਕੀਤਾ ਅਤੇ ਜਿਨ੍ਹਾਂ ਰੋਸ ਜਤਾਇਆ ਉਸ ਤੋਂ ਅਜਿਹਾ ਪ੍ਰਤੀਤ ਹੁੰਦਾ ਸੀ ਕਿ ਉਕਤ ਵਿਅਕਤੀ ’ਤੇ ਧੋਖਾਦੇਹੀ ਦਾ ਮਾਮਲਾ ਤਾਂ ਜ਼ਰੂਰ ਦਰਜ ਹੋਵੇਗਾ ਪਰ ਉਮੀਦ ਦੇ ਉਲਟ ਉਕਤ ਵਿਅਕਤੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।
ਜਾਣਕਾਰੀ ਮੁਤਾਬਕ 22 ਦਸੰਬਰ ਨੂੰ ਸ਼ਾਮ 4 ਵਜੇ ਦੇ ਕਰੀਬ ਅੰਮ੍ਰਿਤਸਰ ਦੀ ਕਵਿਨਸ ਰੋਡ ’ਤੇ ਕੁਝ ਕਾਰ ਪਾਰਟਸ ਅਤੇ ਐਸੇਸਰੀਜ ਵੇਚਣ ਵਾਲੇ ਦੁਕਾਨਦਾਰਾਂ ਕੋਲ ਇਕ ਵਿਅਕਤੀ ਆਇਆ। ਉਸ ਨੇ ਖੁਦ ਨੂੰ ਅੰਮ੍ਰਿਤਸਰ ਦੇ ਐਕਸਾਈਜ਼ ਐਂਡ ਟੈਕਸੇਸ਼ਨ ਮੋਬਾਇਲ ਵਿੰਗ ਦੇ ਇੰਸਪੈਕਟਰ ਹੋਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੂੰ ਰਿਸ਼ਵਤ ਵਜੋਂ ਸਮੂਹਿਕ ਤੌਰ ’ਤੇ ਪੈਸੇ ਮੰਗੇ ਅਤੇ ਕਿਹਾ ਕਿ ਜੇਕਰ ਉਸ ਨੂੰ ਕਹੀ ਹੋਈ ਰਕਮ ਮਿਲ ਜਾਵੇ ਤਾਂ ਉਹ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ। ਇਨ੍ਹਾਂ ’ਚ ਕੁਝ ਲੋਕਾਂ ਨੇ ਡਰ ਨਾਲ ਪੈਸੇ ਦਿੱਤੇ ਅਤੇ ਕੁਝ ਦੇਣ ਵਾਲੇ ਵੀ ਸਨ । ਇਸ ਉਪਰੰਤ ਉਕਤ ਇੰਸਪੈਕਟਰ ਬਣੇ ਵਿਅਕਤੀ ਨੇ ਕਿਸੇ ਹੋਰ ਮਾਰਕੀਟ ’ਚ ਜਾਣ ਦੀ ਗੱਲ ਕਹੀ ਤਾਂ ਉਸ ’ਤੇ ਸ਼ੱਕ ਵਧ ਗਿਆ ਅਤੇ ਉੱਥੇ ’ਤੇ ਕਵਿਨਸ ਰੋਡ ਦੇ ਲੋਕਾਂ ਨੇ ਟਿਕਾਣੇ ’ਤੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਕਿ ਉਕਤ ਵਿਅਕਤੀ ਸ਼ੱਕੀ ਵਿਖਾਈ ਦੇ ਰਹੇ ਹਨ।
ਵਿਅਕਤੀ ਜਦੋਂ ਦੂਜੀ ਮਾਰਕੀਟ ’ਚ ਪਹੁੰਚਿਆ ਤਾਂ ਉੱਥੇ ਦੁਕਾਨਦਾਰਾਂ ਨੇ ਉਸ ਨੂੰ ਘੇਰ ਕੇ ਉੱਥੇ ’ਤੇ ਬਿਠਾ ਲਿਆ ਅਤੇ ਸੂਚਨਾ ਟੈਕਸੇਸ਼ਨ ਵਿਭਾਗ ਨੂੰ ਦੇ ਦਿੱਤੀ। ਮੋਬਾਇਲ ਵਿੰਗ ਦੇ ਸੀਨੀਅਰ ਈ. ਟੀ. ਓ. ਕੁਲਬੀਰ ਸਿੰਘ ਅਤੇ ਇੰਸਪੈਕਟਰ ਸਰਵਨ ਸਿੰਘ ਢਿੱਲੋਂ ਮੌਕੇ ’ਤੇ ਪਹੁੰਚ ਗਏ ਅਤੇ ਵੇਖਦੇ ਹੀ ਉਨ੍ਹਾਂ ਉਥੇ ਕਹਿ ਦਿੱਤਾ ਕਿ ਇਹ ਆਦਮੀ ਕੋਈ ਟੈਕਸੇਸ਼ਨ ਅਧਿਕਾਰੀ ਨਹੀਂ ਹੈ। ਉਨ੍ਹਾਂ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਸੱਦ ਲਿਆ ਅਤੇ ਘਿਰੇ ਹੋਏ ਵਿਅਕਤੀ ਨੂੰ ਪੁਲਸ ਦੇ ਹਵਾਲੇ ਕੀਤਾ। ਥਾਣਾ ਸਿਵਲ ਲਾਈਨ ਦੀ ਪੁਲਸ ਉਸਦੇ ਖ਼ਿਲਾਫ਼ ਕੁਝ ਕਰਨ ਦੇ ਮੂਡ ’ਚ ਨਹੀਂ ਹੈ, ਉਥੇ ਪੂਰੇ ਸ਼ਹਿਰ ’ਚ ਇਸ ਗੱਲ ਦੀ ਚਰਚਾ ਸੀ ਕਿ ਇਸ ਗੰਭੀਰ ਮਾਮਲੇ ਨੂੰ ਦਬਾਇਆ ਨਹੀਂ ਜਾ ਸਕਦਾ। ਉਸ ਸਮੇਂ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨਾਲ ਫੋਨ ਕਰਨ ’ਤੇ ਉਨ੍ਹਾਂ ਫੋਨ ਨਹੀਂ ਚੁੱਕਿਆ ਤਾਂ ਮਾਮਲਾ ਕੁਝ-ਕੁਝ ਸਾਫ਼ ਹੋ ਗਿਆ।
ਕਈ ਦਿਨ ਬੀਤ ਜਾਣ ਦੇ ਬਾਅਦ ਵੀ ਕਿਸੇ ਵੀ ਵਿਅਕਤੀ ’ਤੇ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕੇਸ ਦਰਜ ਨਹੀਂ ਕੀਤਾ। ਉਸਦੇ ਬਾਅਦ ਦੇ ਘਟਨਾਕ੍ਰਮ ’ਚ ਜਦੋਂ ਮੀਡੀਆ ’ਚ ਇਸ ਗੱਲ ਦੀ ਖਾਸੀ ਚਰਚਾ ਹੋਈ ਤਾਂ ਪਤਾ ਚੱਲਿਆ ਕਿ ਉਕਤ ਵਿਅਕਤੀ ਨੇ ਇੰਸਪੈਕਟਰ ਬਣ ਕੇ ਹਾਇਡ ਮਾਰਕੀਟ ਦੇ ਨਜ਼ਦੀਕ ਕੁਝ ਮਾਰਕੀਟਾਂ ’ਚ ਸਮੂਹਿਕ ਤੌਰ ’ਤੇ ਉਗਰਾਹੀ ਕੀਤੀ ਸੀ, ਜਿਸ ਖ਼ਿਲਾਫ਼ ਅੱਜ ਵੀ ਦੁਕਾਨਦਾਰਾਂ ਵਲੋਂ ਕਾਰਵਾਈ ਦੀ ਮੰਗ ਹੋ ਰਹੀ ਹੈ। ਅੱਜ ਜਦੋਂ ਦੁਬਾਰਾ ਸਿਵਲ ਲਾਈਨ ਦੇ ਇੰਚਾਰਜ਼ ਸ਼ਿਵਦਰਸ਼ਨ ਨੂੰ ਫੋਨ ਕੀਤਾ ਤਾਂ ਉਨ੍ਹਾਂ ਫਿਰ ਫੋਨ ਨਹੀਂ ਚੁੱਕਿਆ ਤਾਂ ਹੁਣ ਮਾਮਲਾ ਸਾਫ਼ ਹੈ।