ਤਲਾਕ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਪਾਸਪੋਰਟ ਬਣਾਉਣ ਦੇ ਕੀਤੇ ਯਤਨ

Friday, Sep 08, 2017 - 11:52 AM (IST)

ਤਲਾਕ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਪਾਸਪੋਰਟ ਬਣਾਉਣ ਦੇ ਕੀਤੇ ਯਤਨ


ਮੋਗਾ (ਆਜ਼ਾਦ) - ਜ਼ਿਲੇ ਦੇ ਪਿੰਡ ਚੌਧਰੀ ਵਾਲਾ ਉਰਫ ਬਹਾਦਰ ਵਾਲਾ ਨਿਵਾਸੀ ਇਕ ਵਿਅਕਤੀ ਵੱਲੋਂ ਮਾਣਯੋਗ ਅਦਾਲਤ ਤੋਂ ਤਲਾਕ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਆਪਣਾ ਪਾਸਪੋਰਟ ਬਣਾਉਣ ਦਾ ਯਤਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ  
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸਹਾਇਕ ਸੁਪਰਡੈਂਟ ਰਿਜਨਲ ਪਾਸਪੋਰਟ ਦਫਤਰ ਜਲੰਧਰ ਨੇ ਦੱਸਿਆ ਕਿ ਕੁਲਜੀਤ ਸਿੰਘ ਖਹਿਰਾ ਪੁੱਤਰ ਲੱਖਾ ਸਿੰਘ ਖਹਿਰਾ ਨਿਵਾਸੀ ਪਿੰਡ ਚੌਧਰੀ ਵਾਲਾ ਉਰਫ ਬਹਾਦਰ ਵਾਲਾ ਨੇ ਆਪਣਾ ਨਵਾਂ ਪਾਸਪੋਰਟ ਅਪਲਾਈ ਕੀਤਾ ਹੈ। ਉਸ ਨੇ ਆਪਣੇ ਦਸਤਾਵੇਜ਼ਾਂ ਨਾਲ ਮਾਣਯੋਗ ਅਦਾਲਤ ਵੱਲੋਂ ਜਾਰੀ ਕੀਤੇ ਗਏ ਤਲਾਕ ਦੇ ਦਸਤਾਵੇਜ਼ ਵੀ ਲਾਏ ਹਨ। ਸਾਨੂੰ ਉਕਤ ਦਸਤਾਵੇਜ਼ 'ਤੇ ਸ਼ੱਕ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ।

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਦੋਂ ਮਾਣਯੋਗ ਅਦਾਲਤ ਨੂੰ ਉਕਤ ਤਲਾਕ ਦੇ ਦਸਤਾਵੇਜ਼ ਦੀ ਸੱਚਾਈ ਜਾਣਨ ਲਈ ਭੇਜਿਆ ਤਾਂ ਮਾਣਯੋਗ ਅਦਾਲਤ ਨੇ ਕਿਹਾ ਕਿ ਜੋ ਦਸਤਾਵੇਜ਼ ਕੁਲਜੀਤ ਸਿੰਘ ਖਹਿਰਾ ਵੱਲੋਂ ਤਲਾਕ ਦੇ ਭੇਜੇ ਗਏ ਹਨ, ਉਹ ਜਾਅਲੀ ਹਨ, ਜਿਸ 'ਤੇ ਜ਼ਿਲਾ ਪੁਲਸ ਮੁਖੀ ਮੋਗਾ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ।


Related News