ਤਰਨਤਾਰਨ ਪੁਲਸ ਹੱਥ ਲੱਗੀ ਵੱਡੀ ਸਫਲਤਾ: 8 ਲੱਖ ਦੀ ਨਵੀਂ ਨਕਲੀ ਕਰੰਸੀ ਸਣੇ 4 ਕਾਬੂ

Friday, Aug 23, 2019 - 04:00 PM (IST)

ਤਰਨਤਾਰਨ ਪੁਲਸ ਹੱਥ ਲੱਗੀ ਵੱਡੀ ਸਫਲਤਾ: 8 ਲੱਖ ਦੀ ਨਵੀਂ ਨਕਲੀ ਕਰੰਸੀ ਸਣੇ 4 ਕਾਬੂ

ਤਰਨਤਾਰਨ (ਰਮਨ) - ਜ਼ਿਲਾ ਤਰਨਤਾਰਨ ਦੀ ਸਿੱਟੀ ਪੁਲਸ ਨੇ 8,00,000 ਦੀ ਨਕਲੀ ਭਾਰਤੀ ਕਰੰਸੀ ਸਣੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ 'ਚ ਵੱਡੀ ਗਿਣਤੀ 'ਚ ਨਕਲੀ ਕਰੰਸੀ ਫੜ੍ਹੇ ਜਾਣ ਦਾ ਇਹ ਪਹਿਲਾਂ ਮਾਮਲਾ ਹੈ। ਇਨ੍ਹਾਂ ਨੋਟਾਂ 'ਚ 100, 200, 500 ਅਤੇ 2 ਹਜ਼ਾਰ ਦੀ ਨਵੀਂ ਕਰੰਸੀ ਸ਼ਾਮਲ ਹੈ। ਫਿਲਹਾਲ ਪੁਲਸ ਨੇ ਆਪਣੀ ਸ਼ੁਰੂਆਤੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਦੋਸ਼ੀਆਂ ਦੇ ਮੋਬਾਇਲਾਂ ’ਚ ਮੌਜੂਦ ਨੰਬਰਾਂ ਦੀਆਂ ਕਾਲ ਡਿਟੇਲਾਂ ਦੀ ਗੁਪਤ ਢੰਗ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ਿਲਾ ਤਰਨਤਾਰਨ ਦੇ ਕੁਝ ਲੋਕ ਵੀ ਇਸ ਨਕਲੀ ਕਰੰਸੀ ਨੂੰ ਖਰੀਦਣ ਅਤੇ ਇਸ ਦਾ ਧੰਦਾ ਕਰਨਾ ਚਾਹੁੰਦੇ ਹਨ, ਜਿਨ੍ਹਾਂ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇੰਸਪੈਕਟਰ ਰਛਪਾਲ ਸਿੰਘ ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ ਦੇ ਸਬ ਇੰਸਪੈਕਟਰ ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਕੇਬੰਦੀ ਕਰਕੇ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆ ਰਹੇ 4 ਵਿਅਕਤੀਆਂ ਨੂੰ ਰੋਕ ਲਿਆ। 

ਪੁਲਸ ਨੇ ਤਲਾਸ਼ੀ ਦੌਰਾਨ ਹੀਰੋ ਡੀਲਕਸ ਮੋਟਰਸਾਈਕਲ ਨੂੰ ਚਲਾਉਣ ਵਾਲੇ ਚਾਲਕ ਕਮਲਜੀਤ ਸਿੰਘ (35) ਪੁੱਤਰ ਜੋਗਿੰਦਰ ਸਿੰਘ, ਜੋੋ ਪੰਜ ਜਮਾਤਾਂ ਪਾਸ ਹੈ, ਕੋਲੋਂ ਨਕਲੀ ਭਾਰਤੀ ਕਰੰਸੀ ਦੇ 2 ਲੱਖ ਰੁਪਏ ਬਰਾਮਦ ਕੀਤੇ ਗਏ, ਜਦਕਿ ਬਲਵਿੰਦਰ ਕੁਮਾਰ (54) ਪੁੱਤਰ ਹਰਭਜਨ ਦਾਸ ਦੇ ਹੱਥ ਵਿਚ ਫਡ਼ੇ ਮੋਮੀ ਲਿਫਾਫੇ ’ਚੋਂ ਜਾਅਲੀ 2 ਲੱਖ ਰੁਪਏ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਪਲਟੀਨਾ ਬਿਨਾਂ ਨੰਬਰੀ ਮੋਟਰਸਾਈਕਲ ਚਾਲਕ ਲਖਵਿੰਦਰ ਸਿੰਘ (58) ਪੁੱਤਰ ਗੁਰਬਚਨ ਸਿੰਘ ਦੀ ਸੱਜੀ ਜੇਬ ’ਚੋਂ 2 ਲੱਖ ਬਰਾਮਦ ਕੀਤੇ ਗਏ, ਜਦਕਿ ਅੰਗਰੇਜ਼ ਸਿੰਘ (27) ਪੁੱਤਰ ਬਲਬੀਰ ਸਿੰਘ ਦੇ ਹੱਥ ਵਿਚ ਫਡ਼ੇ ਲਿਫਾਫੇ ’ਚੋ 2 ਲੱਖ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਇਨ੍ਹਾਂ ਦੋਸ਼ੀਆਂ ਖਿਲਾਫ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਦੇ ਹੋਏ ਮਾਣਯੋਗ ਅਦਾਲਤ ਤੋਂ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਪੁਲਸ ਵਲੋਂ ਕੀਤੀ ਗਈ ਪੁੱਛ-ਪਡ਼ਤਾਲ ਵਿਚ ਸਾਹਮਣੇ ਆਇਆ ਕਿ ਇਸ ਗੈਂਗ ਦਾ ਪੂਰੇ ਦੇਸ਼ ਵਿਚ ਨੈੱਟਵਰਕ ਫੈਲਿਆ ਹੋਇਆ ਹੈ ਅਤੇ ਇਨ੍ਹਾਂ ’ਚੋਂ ਅੰਗਰੇਜ਼ ਸਿੰਘ ਆਪਣੇ ਘਰ ਵਿਚ ਬਜ਼ਾਰ ਤੋਂ ਵਧੀਆ ਕਿਸਮ ਦਾ ਪੇਪਰ, ਇੰਕ, ਅਤੇ ਨੋਟ ਵਿਚ ਪਾਉਣ ਵਾਲੀ ਹਰੇ ਰੰਗ ਦੀ ਤਾਰ ਵਰਗਾ ਮਟੀਰੀਅਲ ਖ੍ਰੀਦ ਕੇ ਪ੍ਰਿੰਟਰ ਦੀ ਮਦਦ ਨਾਲ ਵੱਖ-ਵੱਖ ਸੀਰੀਅਲ ਨੰਬਰਾਂ ਦੇ ਜਾਅਲੀ ਨੋਟ ਤਿਆਰ ਕਰ ਲੈਂਦਾ ਸੀ।

ਦਿਨ-ਰਾਤ ਜਾਗ ਕੇ ਤਿਆਰ ਕੀਤੇ ਜਾਣ ਵਾਲੇ 100, 200, 500 ਅਤੇ 2000 ਰੁਪਏ ਦੇ ਨਕਲੀ ਨੋਟਾਂ ਨੂੰ ਅਸਲੀ ਵਾਂਗ ਤਿਆਰ ਕਰ ਲਿਆ ਜਾਂਦਾ ਸੀ, ਜਿਨ੍ਹਾਂ ਨੂੰ ਬਲਵਿੰਦਰ ਕੁਮਾਰ ਆਪਣੇ ਬਣਾਏ ਨੈੱਟਵਰਕ ਰਾਹੀਂ 2 ਲੱਖ ਦੇ ਬਦਲੇ 5 ਲੱਖ ਰੁਪਏ ਦੀ ਕਰੰਸੀ ਪੇਸ਼ ਕਰਦਾ ਸੀ, ਜਦੋਂ ਕਿਸੇ ਨਾਲ ਇਸ ਜਾਅਲੀ ਕਰੰਸੀ ਦਾ ਸੌਦਾ ਪੱਕਾ ਹੋ ਜਾਂਦਾ ਸੀ ਤਾਂ ਇਹ ਗੈਂਗ ਕਦੇ ਵੀ ਅਣਜਾਣੇ ਵਿਅਕਤੀ ਦੇ ਦੱਸੇ ਹੋਏ ਠਿਕਾਣੇ ’ਤੇ ਨਹੀਂ ਜਾਂਦੇ ਸਨ। ਜ਼ਿਲਾ ਤਰਨਤਾਰਨ ਵਿਚ ਅਜਿਹੇ ਕਈ ਲੋਕਾਂ ਨਾਲ ਇਹਨਾਂ ਦੋਸ਼ੀਆਂ ਵੱਲੋਂ ਜਾਅਲੀ ਕਰੰਸੀ ਸਪਲਾਈ ਕੀਤੇ ਜਾਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ, ਜਿਸ ਦੇ ਬਦਲੇ ਪੁਲਸ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿਚ ਹੈ। ਉਕਤ ਚਾਰੇ ਦੋਸ਼ੀ ਤਰਨਤਾਰਨ ਵਿਖੇ ਕਿਸੇ ਵਿਅਕਤੀ ਨਾਲ ਹੋਈ 2.55 ਲੱਖ ਰੁਪਏ ਦੀ ਅਸਲੀ ਕਰੰਸੀ ਬਦਲੇ 8 ਲੱਖ ਦੀ ਜਾਅਲੀ ਕਰੰਸੀ ਦੀ ਡੀਲ ਨੂੰ ਭੁਗਤਾਉਣ ਲਈ ਆਏ ਸਨ, ਜਿਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਲਿਆ।

ਫੋਨ ਨੰਬਰਾਂ ਦੀ ਕੀਤੀ ਜਾ ਰਹੀ ਹੈ ਜਾਂਚ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਉਕਤ ਚਾਰਾਂ ਦੋਸ਼ੀਆਂ ਦੇ ਮੋਬਾਇਲ ਫੋਨਾਂ ਤੋਂ ਹੋਈਆਂ ਕਾਲਾਂ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਕਈ ਹੋਰ ਵਿਅਕਤੀਆਂ ਦੇ ਇਸ ਕੇਸ ਵਿਚ ਸ਼ਾਮਲ ਹੋਣ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਇਕ ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਜੇਲ ਭੇਜ ਦਿੱਤਾ ਗਿਆ ਹੈ।


author

rajwinder kaur

Content Editor

Related News