ਲੁਧਿਆਣਾ ਦਾ ਫਾਇਰ ਸਟੇਸ਼ਨ ''ਫੇਕ ਕਾਲਾਂ'' ਤੋਂ ਪਰੇਸ਼ਾਨ

12/04/2018 12:52:02 PM

ਲੁਧਿਆਣਾ : ਲੁਧਿਆਣਾ ਦਾ ਫਾਇਰ ਸਟੇਸ਼ਨ ਇਨ੍ਹੀਂ ਦਿਨੀਂ 'ਫੇਕ ਕਾਲਾਂ' ਤੋਂ ਕਾਫੀ ਪਰੇਸ਼ਾਨ ਹੈ। ਇੱਥੇ ਦਿਨ 'ਚ 500 ਤੋਂ ਜ਼ਿਆਦਾ ਫੇਕ ਕਾਲਾਂ ਆ ਜਾਂਦੀਆਂ ਹਨ। ਫੋਨ ਬਿਜ਼ੀ ਹੋਣ ਦੇ ਚੱਲਦਿਆਂ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ 'ਜਗਬਾਣੀ' ਦੀ ਟੀਮ ਫਾਇਰ ਸਟੇਸ਼ਨ ਦਾ ਦੌਰਾ ਕਰਨ ਪੁੱਜੀ ਤਾਂ ਪਤਾ ਲੱਗਿਆ ਕਿ ਫਾਇਰ ਸਟੇਸ਼ਨ 'ਚ 101 ਨੰਬਰ 'ਤੇ ਕਈ ਨੰਬਰਾਂ ਤੋਂ ਫੇਕ ਕਾਲਾਂ ਆਉਂਦੀਆਂ ਹਨ, ਜਿਸ ਕਾਰਨ ਉੱਥੇ ਮੌਜੂਦ ਅਧਿਕਾਰੀਆਂ ਦੇ ਇਲਾਵਾ ਲੋਕਾਂ ਨੂੰ ਵੀ ਕਾਫੀ ਮੁਸ਼ਕਲ ਹੁੰਦੀ ਹੈ।ਇਸ ਸਬੰਧੀ ਜਦੋਂ ਫਾਇਰ ਅਫਸਰ ਭੁਪਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦਿਨ 'ਚ ਕਈ ਵਾਰ ਅਜਿਹੀਆਂ ਗਲਤ ਕਾਲਾਂ ਆਉਂਦੀਆਂ ਹਨ, ਜਿਸ 'ਚ ਸਾਡੇ ਕਰਮਚਾਰੀਆਂ ਨੂੰ ਅਭੱਦਰ ਭਾਸ਼ਾ 'ਚ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਪੁਲਸ ਕਮਿਸ਼ਨਰ, ਲੁਧਿਆਣਾ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਦੋਂ ਟੈਲੀਫੋਨ ਅਟੈਂਡ ਕਰਨ ਵਾਲੇ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਖੁਦ ਨੂੰ ਕਾਫੀ ਪਰੇਸ਼ਾਨ ਦੱਸਿਆ ਅਤੇ ਕਿਹਾ ਕਿ ਅਜਿਹੇ ਲੋਕਾਂ ਕਾਰਨ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਪੁਲਸ ਅਧਿਕਾਰੀਆਂ ਨੇ ਕੈਮਰੇ ਅੱਗੇ ਆਉਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ।


Babita

Content Editor

Related News