ਕੌਣ ਬਣੇਗਾ ਕਰੋੜਪਤੀ ਤੋਂ ਆਈ ਫਰਜ਼ੀ ਕਾਲ, ਮਹਿਲਾ ਦੇ ਖਾਤੇ 'ਚੋਂ ਉਡਾਏ ਹਜ਼ਾਰਾਂ ਰੁਪਏ
Wednesday, Mar 04, 2020 - 05:53 PM (IST)
ਭਵਾਨੀਗੜ੍ਹ (ਵਿਕਾਸ) : ਸਾਇਬਰ ਠੱਗਾਂ ਵਲੋਂ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਨਵਾਂ ਤਰੀਕਾ ਆਪਣਾਇਆ ਜਾ ਰਿਹਾ ਹੈ। ਸ਼ਾਤਿਰ ਠੱਗ ਫੋਨ 'ਤੇ ਖੁਦ ਨੂੰ ਕੌਣ ਬਣੇਗਾ ਕਰੋੜਪਤੀ (ਕੇਬੀਸੀ) ਤੋਂ ਬੋਲ ਰਹੇ ਹਾਂ ਦਾ ਕਹਿ ਕੇ ਅਤੇ ਲੱਖਾਂ ਰੁਪਏ ਦੇ ਇਨਾਮ ਦੇਣ ਦੀ ਗੱਲ ਆਖ ਕੇ ਲੋਕਾਂ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲੱਗਾ ਰਹੇ ਹਨ। ਸਥਾਨਕ ਇਲਾਕੇ ’ਚ ਰਹਿਣ ਵਾਲੇ ਗਰੀਬ ਪਰਿਵਾਰ ਨਾਲ ਅਜਿਹੀ ਹੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਠੱਗਾਂ ਨੇ ਸਾਢੇ 12 ਹਜ਼ਾਰ ਰੁਪਏ ਆਪਣੇ ਖਾਤੇ 'ਚ ਪਵਾ ਕੇ ਪਰਿਵਾਰ ਤੋਂ 20 ਹਜ਼ਾਰ ਰੁਪਏ ਠੱਗ ਲਏ। ਦਰਅਸਲ ਹੋਇਆ ਇੰਝ ਕਿ ਪਿੰਡ ਹਰਕ੍ਰਿਸਨਪੁਰਾ ਦੀ ਰਹਿਣ ਵਾਲੀ ਗਰੀਬ ਪਰਿਵਾਰ ਨਾਲ ਸਬੰਧਤ ਕਰਮਜੀਤ ਕੌਰ ਨੂੰ ਠੱਗਾਂ ਨੇ ਪਿਛਲੇ ਦਿਨੀਂ ਉਸਦੇ ਵਟਸਐੱਪ ਨੰਬਰ 'ਤੇ ਮੈਸੇਜ ਭੇਜ ਕੇ ਫੋਨ ਨੰਬਰ 'ਤੇ ਗੱਲ ਕਰਨ ਲਈ ਕਿਹਾ। ਮਹਿਲਾ ਨੇ ਠੱਗਾਂ ਦੇ ਦੱਸੇ ਨੰਬਰ 'ਤੇ ਫੋਨ ਕੀਤਾ ਗਿਆ ਤਾਂ ਇਕ ਵਿਅਕਤੀ ਨੇ ਉਸਨੂੰ ਕਿਹਾ ਕਿ ਤੁਹਾਡਾ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ 'ਚੋਂ 25 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਇਨਾਮ ਰਾਸ਼ੀ ਹਾਸਲ ਕਰਨ ਲਈ ਤੁਹਾਨੂੰ ਸਾਡੇ ਖਾਤੇ 'ਚ ਸਾਢੇ 12 ਹਜ਼ਾਰ ਰੁਪਏ ਜਮਾ ਕਰਵਾਉਣੇ ਪੈਣਗੇ।
ਠੱਗੀ ਦਾ ਸ਼ਿਕਾਰ ਹੋਈ ਮਹਿਲਾ ਨੇ ਦੱਸਿਆ ਕਿ ਉਸ ਨੇ ਠੱਗਾਂ ਦੇ ਝਾਂਸੇ 'ਚ ਆ ਕੇ ਭਵਾਨੀਗੜ੍ਹ ਐੱਸ.ਬੀ.ਆਈ. ਬ੍ਰਾਂਚ ਵਿਖੇ ਜਾ ਕੇ ਸਾਢੇ 12 ਹਜ਼ਾਰ ਰੁਪਏ ਜਮਾਂ ਕਰਵਾ ਦਿੱਤੇ। ਇਸ ਤੋਂ ਤੁਰੰਤ ਬਾਅਦ ਉਸਦੇ ਆਪਣੇ ਖਾਤੇ 'ਚ ਪਏ ਲਗਭਗ ਅੱਠ ਹਜ਼ਾਰ ਰੁਪਏ ਵੀ ਉਕਤ ਠੱਗਾ ਨੇ ਕਿਸੇ ਢੰਗ ਨਾਲ ਕੱਢਵਾ ਲਏ, ਜਿਸ ਦੇ ਬਾਰੇ ਉਸ ਨੂੰ ਕਈ ਦਿਨਾਂ ਬਾਅਦ ਪਤਾ ਲੱਗਿਆ। ਇਸ ਦੇ ਬਾਰੇ ਪੱਤਾ ਲੱਗਦੇ ਸਾਰ ਉਸ ਨੇ ਬੈਂਕ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਸ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਤੋਂ ਹੱਥ ਮਨਾ ਕਰ ਦਿੱਤਾ।
ਅਜਿਹੇ ਸੰਦੇਸ਼ਾਂ ਨੂੰ ਅਣਗੌਲਿਆ ਕੀਤਾ ਜਾਵੇ : ਬੈਂਕ ਅਧਿਕਾਰੀ
ਇਸ ਮਾਮਲੇ ਦੇ ਸਬੰਧ ’ਚ ਬੈਂਕ ਅਧਿਕਾਰੀ ਨੇ ਕਿਹਾ ਕਿ ਸਾਇਬਰ ਫਰਾਡ ਬਾਰੇ ਬੈਂਕਾਂ ਵਲੋਂ ਆਏ ਦਿਨ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ, ਜਿਸ ਦੇ ਬਾਵਜੂਦ ਭੋਲੇ-ਭਾਲੇ ਲੋਕ ਉਕਤ ਠੱਗਾਂ ਦਾ ਸ਼ਿਕਾਰ ਬਣ ਜਾਂਦੇ ਹਨ। ਅਧਿਕਾਰੀ ਨੇ ਅਪੀਲ ਕੀਤੀ ਕਿ ਠੱਗੀਆਂ ਤੋਂ ਬਚਣ ਲਈ ਆਉਣ ਵਾਲੇ ਅਹਿਜੇ ਕਿਸੇ ਵੀ ਸੰਦੇਸ਼ਾਂ ਜਾਂ ਫੋਨ ਕਾਲਾਂ ਨੂੰ ਨਜ਼ਰਅੰਦਾਜ ਕਰਨਾ ਚਾਹੀਦਾ ਹੈ।