ਪੈਸਿਆਂ ਦੀ ਮੰਗ ਪੂਰੀ ਨਾ ਕਰਨ ''ਤੇ ਨੂੰਹ ਨੂੰ ਮਾਰਕੁੱਟ ਕੇ ਕੱਢਿਆ

05/26/2017 12:15:03 AM

ਮੋਗਾ,  (ਆਜ਼ਾਦ)- ਸਿਵਲ ਲਾਈਨ ਮੋਗਾ ਨਿਵਾਸੀ ਮਹਿਲਾ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ 'ਤੇ ਦਾਜ ਅਤੇ ਪੈਸਿਆਂ ਦੀ ਮੰਗ ਪੂਰੀ ਨਾ ਹੋਣ 'ਤੇ ਉਸ ਦੀ ਮਾਰਕੁੱਟ ਕਰ ਕੇ ਤੰਗ ਪ੍ਰੇਸ਼ਾਨ ਕਰਨ ਅਤੇ ਬੰਧਕ ਬਣਾ ਕੇ ਰੱਖਣ ਤੋਂ ਇਲਾਵਾ ਉਸ ਦੇ ਦਿਓਰ ਵੱਲੋਂ ਉਸ ਨਾਲ ਜਬਰ-ਜ਼ਨਾਹ ਕਰਨ ਦੇ ਯਤਨ ਦੇ ਦੋਸ਼ ਲਾਏ ਹਨ।
ਕੀ ਹੈ ਮਾਮਲਾ : ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕੋਟਕਪੂਰਾ (ਫਰੀਦਕੋਟ) ਨਿਵਾਸੀ ਪੀੜਤਾ ਨੇ ਕਿਹਾ ਕਿ ਉਸ ਦਾ ਵਿਆਹ 20 ਨਵੰਬਰ 2011 ਨੂੰ ਸਿਵਲ ਲਾਈਨ ਮੋਗਾ ਨਿਵਾਸੀ ਕੁਨਾਲ ਸਿੰਗਲਾ ਨਾਲ ਲੁਧਿਆਣਾ 'ਚ ਧਾਰਮਿਕ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਮੇਰੇ ਪੇਕੇ ਵਾਲਿਆਂ ਨੇ ਵਿਆਹ 'ਤੇ ਲੱਖਾਂ ਰੁਪਏ ਖਰਚ ਕੀਤੇ ਸਨ। ਵਿਆਹ ਤੋਂ ਬਾਅਦ ਦੋ ਜੁੜਵਾ ਬੇਟੀਆਂ ਪੈਦਾ ਹੋਈਆਂ, ਜਿਸ ਤੋਂ ਬਾਅਦ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਮੇਰੇ ਪ੍ਰਤੀ ਵਿਵਹਾਰ ਬਦਲ ਗਿਆ ਅਤੇ ਮੈਨੂੰ ਇਸ ਗੱਲ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਦੇ ਇਲਾਵਾ ਮਾਰਕੁੱਟ ਕੀਤੀ ਜਾਣ ਲੱਗੀ। 
ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਪਤੀ ਨਸ਼ਾ ਕਰਨ ਅਤੇ ਸ਼ਰਾਬ ਪੀਣ ਦਾ ਆਦੀ ਹੈ ਤਾਂ ਮੈਂ ਆਪਣੇ ਸਹੁਰੇ ਅਤੇ ਸੱਸ ਨਾਲ ਗੱਲਬਾਤ ਕੀਤੀ, ਜਿਸ 'ਤੇ ਉਨ੍ਹਾਂ ਮੇਰੀ ਕੋਈ ਗੱਲ ਨਹੀਂ ਸੁਣੀ ਅਤੇ ਮੈਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ। ਮੇਰੇ ਮਾਤਾ-ਪਿਤਾ ਨੇ ਮੇਰੇ ਪਤੀ ਦਾ ਇਲਾਜ ਕਰਵਾਉਣ ਲਈ ਪੈਸੇ ਵੀ ਦਿੱਤੇ। ਸਹੁਰੇ ਪਰਿਵਾਰ ਨੇ ਮੇਰੇ ਪਤੀ ਨੂੰ ਕੰਮ ਖੁੱਲ੍ਹਵਾ ਕੇ ਦੇਣ ਲਈ ਮਾਤਾ-ਪਿਤਾ ਤੋਂ 25 ਲੱਖ ਰੁਪਏ ਦੀ ਮੰਗ ਕੀਤੀ, ਜਿਸ 'ਤੇ ਮੇਰੇ ਪਿਤਾ ਨੇ ਇਨਕਾਰ ਕਰਦੇ ਹੋਏ 6-7 ਲੱਖ ਰੁਪਏ ਦੀ ਮਦਦ ਕਰਨ ਨੂੰ ਕਿਹਾ ਪਰ ਉਹ ਨਹੀਂ ਮੰਨੇ। ਇਸ ਤਰ੍ਹਾਂ ਮੇਰੇ ਪਤੀ ਅਤੇ ਸਹੁਰਿਆਂ ਨੇ ਨਕਦੀ ਅਤੇ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਮੈਨੂੰ ਘਰ 'ਚ ਬੰਧਕ ਬਣਾ ਕੇ ਮਾਰਕੁੱਟ ਕੀਤੀ ਅਤੇ ਨਕਦ ਪੈਸੇ ਲਿਆਉਣ ਲਈ ਮਜਬੂਰ ਕੀਤਾ ਜਾਣ ਲੱਗਾ। ਆਖਿਰ ਉਨ੍ਹਾਂ ਮੇਰੀ ਮਾਰਕੁੱਟ ਕਰ ਕੇ ਮੈਨੂੰ ਘਰ 'ਚੋਂ ਕੱਢ ਦਿੱਤਾ ਅਤੇ ਸਾਮਾਨ ਵੀ ਸਾਰਾ ਹੜੱਪ ਕਰ ਲਿਆ।
ਦਿਓਰ 'ਤੇ ਲਾਇਆ ਜਬਰ-ਜ਼ਨਾਹ ਦਾ ਦੋਸ਼ : ਪੀੜਤਾ ਨੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਮੇਰੇ ਸੱਸ ਸਹੁਰੇ ਨੇ ਕੋਈ ਗੱਲ ਨਹੀਂ ਸੁਣੀ ਤਾਂ ਮੈਂ ਆਪਣੇ ਦਿਓਰ ਨਾਲ ਗੱਲਬਾਤ ਕੀਤੀ ਕਿ ਉਹ ਆਪਣੇ ਮਾਤਾ-ਪਿਤਾ ਨਾਲ ਗੱਲਬਾਤ ਕਰ ਕੇ ਆਪਣੇ ਭਰਾ ਨੂੰ ਸਮਝਾਉਣ ਦਾ ਯਤਨ ਕਰੇ ਕਿਉਂਕਿ ਉਹ 2 ਲੜਕੀਆਂ ਦਾ ਬਾਪ ਹੈ ਪਰ ਮੇਰੇ ਦਿਓਰ ਨੇ ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ 14 ਮਈ 2017 ਨੂੰ ਜਦੋਂ ਸਾਡੇ ਘਰ 'ਚ ਕੋਈ ਨਹੀਂ ਸੀ, ਮੇਰੇ ਕਮਰੇ 'ਚ ਆ ਕੇ ਜਬਰ-ਜ਼ਨਾਹ ਕਰਨ ਦਾ ਯਤਨ ਕੀਤਾ, ਜਿਸ 'ਤੇ ਮੈਂ ਰੌਲਾ ਪਾਇਆ ਤਾਂ ਉਹ ਭੱਜ ਗਿਆ। ਇਸ ਬਾਰੇ ਮੈਂ ਜਦੋਂ ਸੱਸ ਸਹੁਰੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੇਰੀ ਕੋਈ ਗੱਲ ਨਹੀਂ ਸੁਣੀ ਅਤੇ ਮੈਨੂੰ ਧਮਕੀਆਂ ਦੇ ਕੇ ਮਾਰਕੁੱਟ ਕਰ ਕੇ ਕਮਰੇ 'ਚ ਬੰਦ ਕਰ ਦਿੱਤਾ, ਜਿਸ 'ਤੇ ਮੈਂ ਆਪਣੇ ਮਾਤਾ-ਪਿਤਾ ਨੂੰ ਸੂਚਿਤ ਕੀਤਾ।
ਕੀ ਹੋਈ ਪੁਲਸ ਕਾਰਵਾਈ : ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਨੇ ਉਕਤ ਮਾਮਲੇ ਦੀ ਜਾਂਚ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ ਜਿਨ੍ਹਾਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. ਆਈ. ਨੂੰ ਸੌਂਪ ਦਿੱਤੀ। ਜਾਂਚ ਅਧਿਕਾਰੀ ਨੇ ਕਈ ਵਾਰ ਪੀੜਤਾ ਦੇ ਪਤੀ ਕੁਨਾਲ ਸਿੰਗਲਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਵਾਰ-ਵਾਰ ਬੁਲਾਇਆ ਪਰ ਕੋਈ ਨਾ ਕੋਈ ਬਹਾਨਾ ਲਾਉਂਦੇ ਹੋਏ ਜਾਂਚ 'ਚ ਸ਼ਾਮਲ ਨਹੀਂ ਹੋਏ, ਜਿਸ 'ਤੇ ਜਾਂਚ ਅਧਿਕਾਰੀ ਨੇ ਜ਼ਿਲਾ ਮੁਖੀ ਮੋਗਾ ਨੂੰ ਜਾਂਚ ਰਿਪੋਰਟ ਭੇਜ ਦਿੱਤੀ ਜਿਨ੍ਹਾਂ ਕਾਨੂੰਨੀ ਰਾਇ ਹਾਸਲ ਕਰਨ ਦੇ ਬਾਅਦ ਥਾਣਾ ਸਿਟੀ ਮੋਗਾ 'ਚ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਕੁਨਾਲ ਸਿੰਗਲਾ, ਦਿਓਰ ਸਵੀਨ ਸਿੰਗਲਾ, ਸਹੁਰਾ ਬ੍ਰਿਜ ਭੂਸ਼ਣ, ਸੱਸ ਸੁਰੇਖਾ ਸਿੰਗਲਾ ਨਿਵਾਸੀ ਸਿਵਲ ਲਾਈਨ ਮੋਗਾ ਦੇ ਖਿਲਾਫ ਮਾਮਲੇ ਦਰਜ ਕਰ ਲਏ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਭਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਕਾਬੂ ਨਹੀਂ ਆ ਸਕਿਆ।


Related News