ਪਿੰਡ ਸ਼ਾਮਦੂ ਕੈਂਪ ਵਾਸੀਆਂ ਫੈਕਟਰੀ ਪ੍ਰਬੰਧਕਾਂ ਖਿਲਾਫ ਕੀਤੀ ਨਾਅਰੇਬਾਜ਼ੀ

Monday, Jun 18, 2018 - 12:34 AM (IST)

ਪਿੰਡ ਸ਼ਾਮਦੂ ਕੈਂਪ ਵਾਸੀਆਂ ਫੈਕਟਰੀ ਪ੍ਰਬੰਧਕਾਂ ਖਿਲਾਫ ਕੀਤੀ ਨਾਅਰੇਬਾਜ਼ੀ

ਰਾਜਪੁਰਾ,  (ਜ. ਬ.)-  ਰਾਜਪੁਰਾ-ਚੰਡੀਗੜ੍ਹ ਰੋਡ ਤੋਂ ਪਿੰਡ ਸ਼ਾਮਦੂ ਨੂੰ ਜਾਂਦੀ ਸੜਕ ਕਿਨਾਰੇ ਨਵੀਂ ਬਣੀ ਫੈਕਟਰੀ ਦੁਆਰਾ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਸੜਕ 'ਤੇ ਛੱਪੜ ਦਾ ਰੂਪ ਧਾਰੀ ਖੜ੍ਹੇ ਪਾਣੀ ਤੋਂ ਪ੍ਰੇਸ਼ਾਨ ਸ਼ਾਮਦੂ ਕੈਂਪ ਵਾਸੀਆਂ ਨੇ ਫੈਕਟਰੀ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਰੋਸ ਪ੍ਰਦਰਸ਼ਨ ਕਰ ਰਹੇ ਦਲੀਪ ਕੁਮਾਰ, ਨਰੇਸ਼ ਕੁਮਾਰ, ਰਘੂਨੰਦਨ, ਰਵੀ ਕੁਮਾਰ, ਬਿੱਟੂ ਕੁਮਾਰ, ਈਸ਼ਵਰ, ਵਜ਼ੀਰ ਚੰਦ, ਕਾਲੂ ਰਾਮ, ਅਜੇ ਕੁਮਾਰ, ਕ੍ਰਿਸ਼ਨ, ਇੰਦਰ ਕੁਮਾਰ, ਲਖਵਿੰਦਰ ਕੁਮਾਰ, ਸ਼ਾਮ ਲਾਲ, ਮਹਿੰਦਰ ਕੁਮਾਰ, ਦੀਪਕ ਕੁਮਾਰ ਤੇ ਮੇਜਰ ਕੁਮਾਰ ਸਣੇ ਦਰਜਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਪਾਸੇ ਤਾਂ ਉਹ ਪਹਿਲਾਂ ਹੀ ਪਿੰਡ ਦੇ ਸੀਵਰੇਜ ਦੇ ਪਾਣੀ ਦਾ ਸਹੀ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਮੁਸ਼ਕਲਾਂ 'ਚੋਂ ਗੁਜ਼ਰ ਰਹੇ ਹਨ। ਹੁਣ ਪਿੰਡ ਦੀ ਸੜਕ ਦੇ ਦੂਜੇ ਪਾਸੇ ਨਵੀਂ ਬਣੀ ਫੀਡ ਫੈਕਟਰੀ ਪ੍ਰਬੰਧਕਾਂ ਦੁਆਰਾ ਫੈਕਟਰੀ ਮੂਹਰੇ ਮਿੱਟੀ ਦਾ ਨਵਾਂ ਭਰਤ ਪਾ ਲਿਆ ਹੈ ਪਰ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਲਈ ਪਾਈਪਾਂ ਪਾਈਆਂ ਹੀ ਨਹੀਂ। ਬੀਤੀ ਰਾਤ ਹੋਈ ਬਾਰਿਸ਼ ਨਾਲ ਪਾਣੀ ਨੇ ਸ਼ਹਿਰ ਨੂੰ ਜਾਣ ਵਾਲੀ ਸੜਕ 'ਤੇ ਛੱਪੜ ਦਾ ਰੂਪ ਧਾਰ ਲਿਆ ਹੈ। ਦਰਜਨਾਂ ਹੀ ਰਾਹਗੀਰ ਇਸ ਗੰਦੇ ਪਾਣੀ ਵਿਚ ਡਿੱਗ ਕੇ ਸੱਟਾਂ ਖਾ ਚੁੱਕੇ ਹਨ। ਉਨਾਂ ਦੱਸਿਆ ਕਿ ਫੈਕਟਰੀ ਵਿਚ ਮਾਲ ਨਾਲ ਲੋਡ ਟਰੱਕਾਂ ਕਾਰਨ ਵੀ ਸੜਕ ਦੀ ਹਾਲਤ ਬਦਤਰ ਹੋਈ ਹੈ। ਰੋਸ ਵਜੋਂ ਪਿੰਡ ਵਾਸੀਆਂ ਨੇ ਫੈਕਟਰੀ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਫੈਕਟਰੀ ਪ੍ਰਬੰਧਕਾਂ ਵੱਲੋਂ ਆਉਂਦੇ ਦਿਨਾਂ 'ਚ ਸੜਕ ਕਿਨਾਰੇ ਫੈਕਟਰੀ ਵਾਲੇ ਪਾਸੇ ਪਾਈਪਾਂ ਦੱਬ ਕੇ ਪਾਣੀ ਦੀ ਨਿਕਾਸੀ ਦਾ ਕੋਈ ਢੁਕਵਾਂ ਪ੍ਰਬੰਧ ਨਾ ਕੀਤਾ ਤਾਂ ਮਜਬੂਰਨ ਫੈਕਟਰੀ ਮੂਹਰੇ ਅਤੇ ਕੌਮੀ ਸ਼ਾਹ ਮਾਰਗ ਸੜਕ 'ਤੇ ਧਰਨੇ-ਮੁਜ਼ਾਹਰੇ ਕੀਤੇ ਜਾਣਗੇ। 
ਪਾਣੀ ਦੀ ਨਿਕਾਸੀ ਦਾ ਜਲਦ ਢੁਕਵਾਂ ਹੱਲ ਕੱਢਿਆ ਜਾਵੇਗਾ : ਫੈਕਟਰੀ ਮਾਲਕ
ਇਸ ਮੌਕੇ ਹਾਜ਼ਰ ਫੈਕਟਰੀ ਮਾਲਕ ਨਰੇਸ਼ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਨੂੰ ਚਾਲੂ ਕੀਤਿਆਂ ਅਜੇ ਥੋੜ੍ਹਾ ਸਮਾਂ ਹੀ ਹੋਇਆ ਹੈ। ਉਨ੍ਹਾਂ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਕਿ ਜਲਦ ਬਰਸਾਤੀ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਕਰ ਕੇ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।


Related News