ਪੁਲਵਾਮਾ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਿੜੀ ਜੰਗ

Tuesday, Feb 19, 2019 - 09:45 AM (IST)

ਪੁਲਵਾਮਾ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਿੜੀ ਜੰਗ

ਜਲੰਧਰ (ਵਰੁਣ)– ਫੇਸਬੁੱਕ 'ਤੇ ਬਣੇ ਗੈਂਗਸਟਰਾਂ ਦੇ ਪੇਜਾਂ 'ਤੇ ਪਾਕਿਸਤਾਨੀਆਂ ਨੇ ਕਥਿਤ ਤੌਰ 'ਤੇ ਕਬਜ਼ਾ ਕਰ ਲਿਆ ਹੈ। ਹਾਲਾਂਕਿ ਇਨ੍ਹਾਂ ਗੈਂਗਸਟਰਾਂ ਦੇ ਪੇਜ ਨੂੰ ਹੈੱਕ ਕਰਕੇ ਵਰਤਣ ਦੀ ਚਰਚਾ ਸੀ ਪਰ ਜਾਂਚ 'ਚ ਅਜਿਹਾ ਕੁੱਝ ਨਹੀਂ ਮਿਲਿਆ। ਗੈਂਗਸਟਰਾਂ ਦੇ ਪੇਜ 'ਤੇ ਪਾਕਿਸਤਾਨ ਦੇ ਰਹਿਣ ਵਾਲੇ ਕੁੱਝ ਲੋਕ ਹਿੰਦੁਸਤਾਨ ਨੂੰ ਗਾਲ੍ਹਾਂ ਕੱਢ ਰਹੇ ਹਨ, ਜਦਕਿ ਇਕ ਪਾਕਿਸਤਾਨੀ ਨੇ ਭਾਰਤ ਦੇ ਮੈਪ 'ਤੇ ਪੰਜਾਬ ਨੂੰ ਖਾਲਿਸਤਾਨ ਲਿਖ ਕੇ ਪੇਜ 'ਤੇ ਟੈਗ ਕਰ ਦਿੱਤਾ। ਜਲੰਧਰ ਸਾਈਬਰ ਸੈੱਲ ਕੋਲ ਹੁਣ ਤੱਕ ਦੋ ਦਿਨਾਂ ਅੰਦਰ ਐੱਫ. ਬੀ. ਪੇਜ ਨੂੰ ਹੈੱਕ ਕਰਨ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਹਾਲਾਂਕਿ ਜਿਹੜੇ-ਜਿਹੜੇ ਗੈਂਗਸਟਰਾਂ ਦੇ ਪੇਜਾਂ 'ਤੇ ਪਾਕਿਸਤਾਨੀ ਭਾਰਤ ਵਿਰੋਧੀ ਗੱਲਾਂ ਨੂੰ ਟੈਗ ਕਰ ਰਹੇ ਹਨ, ਉਹ ਉਨ੍ਹਾਂ ਪੇਜਾਂ ਦੇ ਗਰੁੱਪ ਮੈਂਬਰ ਬਣੇ ਹੋਏ ਹਨ। ਕੋਈ ਇੰਡੀਅਨ ਆਰਮੀ ਬਾਰੇ ਭੱਦੀ ਭਾਸ਼ਾ ਦੀ ਵਰਤੋਂ ਕਰ ਰਿਹਾ ਹੈ ਤੇ ਕੋਈ ਹਿੰਦੁਸਤਾਨ 'ਤੇ ਕਬਜ਼ਾ ਕਰਨ, ਦਿੱਲੀ ਤੱਕ ਪਹੁੰਚ ਜਾਣ ਅਤੇ ਵਾਰ-ਵਾਰ ਪੁਲਵਾਮਾ ਵਰਗੇ ਹਮਲੇ ਹੋਣ ਦੀ ਗੱਲ ਕਰ ਰਿਹਾ ਹੈ। ਇਨ੍ਹਾਂ ਪੋਸਟਾਂ 'ਤੇ ਪਾਕਿਸਤਾਨੀਆਂ ਦੇ ਕੁਮੈਂਟ ਵੀ ਆ ਰਹੇ ਹਨ। 'ਜਗ ਬਾਣੀ' ਪਹਿਲਾਂ ਵੀ ਕਈ ਵਾਰ ਐੱਫ. ਬੀ. 'ਤੇ ਬਣੇ ਗੈਂਗਸਟਰਾਂ ਦੇ ਪੇਜਾਂ 'ਤੇ ਚਿੰਤਾ ਜਤਾ ਚੁੱਕੀ ਹੈ ਪਰ ਅਜੇ ਤੱਕ ਉਨ੍ਹਾਂ ਪੇਜਾਂ ਨੂੰ ਬੰਦ ਨਹੀਂ ਕੀਤਾ ਗਿਆ। ਕਈ ਪੋਸਟਾਂ ਅਜਿਹੀਆਂ ਵੀ ਹਨ, ਜਿਨ੍ਹਾਂ ਵਿਚ ਪਾਕਿਸਤਾਨੀ ਖਾਲਿਸਤਾਨ ਨੂੰ ਸਮਰਥਨ ਦੇ ਰਹੇ ਹਨ।

ਭਾਰਤੀ ਵੀ ਦੇ ਰਹੇ ਹਨ ਮੂੰਹ-ਤੋੜ ਜਵਾਬ
ਐੱਫ. ਬੀ. 'ਤੇ ਜਿਵੇਂ-ਜਿਵੇਂ ਪਾਕਿਸਤਾਨੀ ਪੋਸਟ ਕਰ ਰਹੇ ਹਨ, ਉਸੇ ਤਰ੍ਹਾਂ ਹਿੰਦੁਸਤਾਨੀ ਵੀ ਉਸ ਪੋਸਟ 'ਤੇ ਕੁਮੈਂਟ ਪਾ ਕੇ ਗੁੱਸਾ ਜ਼ਾਹਿਰ ਕਰ ਰਹੇ ਹਨ। ਹਿੰਦੁਸਤਾਨ ਦੇ ਲੋਕ ਵੀ ਉਸੇ ਐੱਫ. ਬੀ. ਪੇਜ 'ਤੇ ਪਾਕਿਸਤਾਨੀ ਲੋਕਾਂ ਦੀਆਂ ਧੱਜੀਆਂ ਉਡਾ ਰਹੇ ਹਨ।

ਪਾਕਿਸਤਾਨੀ ਬੋਲਿਆ : ਸੁੱਖੇ ਭਰਾ ਦਾ ਪੇਜ ਹੈ, ਲੜੋ ਨਾ
ਸੁੱਖਾ ਕਾਹਲਵਾਂ ਗੈਂਗਸਟਰ ਦੇ ਚਰਚੇ ਸਿਰਫ ਪੰਜਾਬ, ਹਰਿਆਣਾ ਜਾਂ ਯੂ. ਪੀ. ਵਿਚ ਨਹੀਂ, ਸਗੋਂ ਪਾਕਿਸਤਾਨ ਵਿਚ ਵੀ ਹਨ। ਗੈਂਗਸਟਰ ਸੁੱਖਾ ਕਾਹਲਵਾਂ ਦੇ ਪੇਜ 'ਤੇ ਪਾਕਿਸਤਾਨੀਆਂ ਨੇ ਭਾਰਤ ਵਿਰੋਧੀ ਪੋਸਟ ਟੈਗ ਕੀਤੀ। ਇਸ ਤੋਂ ਬਾਅਦ ਹਿੰਦੁਸਤਾਨ ਤੋਂ ਵੀ ਜਵਾਬ ਆਉਣ ਲੱਗਾ ਤਾਂ ਇਕ ਪਾਕਿਸਤਾਨੀ ਨੇ ਲਿਖਿਆ ਕਿ ਇਥੇ ਇੰਡੀਆ ਪਾਕਿਸਤਾਨ ਦੀ ਲੜਾਈ ਨਾ ਲੜੋ, ਇਹ ਸੁੱਖੇ ਭਰਾ ਦਾ ਪੇਜ ਹੈ।


author

rajwinder kaur

Content Editor

Related News