ਹਾਊਸ ਟੈਕਸ ਜਾਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਾਸ਼ੀ ਅਦਾ ਕਰਨ ਦੀ ਮਿਆਦ 30 ਜੂਨ ਤਕ ਵਧਾਈ : ਬ੍ਰਹਮ ਮਹਿੰਦਰਾ
Tuesday, May 19, 2020 - 10:31 PM (IST)
ਚੰਡੀਗੜ੍ਹ, (ਜ. ਬ.)— ਪੰਜਾਬ ਸਰਕਾਰ ਨੇ ਸੂਬੇ ਦੇ ਨਾਗਰਿਕਾਂ ਨੂੰ ਕੋਵਿਡ-19 ਮਹਾਂਮਾਰੀ ਦੇ ਫੈਲਾਅ ਕਾਰਣ ਹੋਣ ਵਾਲੀਆਂ ਕਠਿਨਾਈਆਂ ਨੂੰ ਧਿਆਨ 'ਚ ਰੱਖਦੇ ਹੋਏ 30 ਜੂਨ ਤਕ ਬਿਨਾਂ ਕਿਸੇ ਜੁਰਮਾਨੇ ਤੋਂ ਬਕਾਇਆ ਹਾਊਸ ਟੈਕਸ ਜਾਂ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਦੀ ਸਮਾਂ ਹੱਦ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਸੂਬੇ ਦੀ ਸ਼ਹਿਰੀ ਲੋਕਲ ਬਾਡੀਜ਼ 'ਚ ਜਲ ਅਤੇ ਸੀਵਰੇਜ਼ ਚਾਰਜ ਦੀ ਵਸੂਲੀ ਲਈ ਇਕਮੁਸ਼ਤ ਨੀਤੀ ਤਹਿਤ ਸਮਾਂ ਹੱਦ ਨੂੰਵੀ 30 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਸ ਦਾ ਖੁਲਾਸਾ ਸਥਾਨਕ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਸੂਬੇ ਦੇ ਨਾਗਰਿਕਾਂ ਨੂੰ ਰਾਹਤ ਦੇਣ ਲਈ ਲਿਆ ਹੈ ਜੋ ਮੌਜੂਦਾ ਸਮੇਂ 'ਚ ਕੋਰੋਨਾ ਵਾਇਰਸ ਖਿਲਾਫ ਇਸ ਯੁੱਧ 'ਚ ਅੱਗੇ ਆ ਕੇ ਜੰਗ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਮੁਤਾਬਕ ਅਜਿਹੇ ਵਿਅਕਤੀ ਜੋ ਹਾਊਸ ਟੈਕਸ ਜਾਂ ਪ੍ਰਾਪਰਟੀ ਟੈਕਸ, ਇਨ੍ਹਾਂ 'ਚੋਂ ਕੋਈ ਵੀ ਜਮ੍ਹਾ ਕਰਵਾਉਣ 'ਚ ਅਸਫਲ ਰਹੇ, ਇਸ ਐਕਟ ਤਹਿਤ ਹੁਣ ਮੂਲਧਨ ਦਾ ਇਕਮੁਸ਼ਤ ਨਿਪਟਾਰਾ 10 ਫੀਸਦੀ ਰਿਆਇਤੀ ਦਰ ਦੇ ਨਾਲ 30 ਜੂਨ ਤੱਕ ਕਰਵਾ ਸਕਦੇ ਹਨ।
ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਹ ਵਿਅਕਤੀ ਜੋ ਉਪਰੋਕਤ ਰਾਸ਼ੀ ਨੂੰ ਉਪਰੋਕਤ ਮਿਆਦ ਅਤੇ ਤਰੀਕੇ ਮੁਤਾਬਕ ਜਮ੍ਹਾ ਕਰਨ 'ਚ ਅਸਫਲ ਰਹਿੰਦੇ ਹਨ, ਉਹ ਮਿੱਥੀ ਤਰੀਕ ਤੋਂ ਬਾਅਦ ਬਕਾਇਆ ਰਾਸ਼ੀ 'ਤੇ 18 ਫੀਸਦੀ ਦੀ ਵਿਆਜ਼ ਦਰ ਸਮੇਤ 20 ਫੀਸਦੀ ਦੀ ਦਰ ਨਾਲ ਜੁਰਮਾਨਾ ਦੇਣਾ ਹੋਵੇਗਾ।