ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਔਰਤ ਸਣੇ 3 ਗ੍ਰਿਫ਼ਤਾਰ, 510 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ

09/26/2022 10:25:55 PM

ਗੜ੍ਹਸ਼ੰਕਰ (ਸੰਜੀਵ ਕੁਮਾਰ) : ਥਾਣਾ ਗੜ੍ਹਸ਼ੰਕਰ ਪੁਲਸ ਨੇ ਇਕ ਪਿਸਤੌਲ, ਹੌਂਡਾ ਸਿਟੀ ਕਾਰ ਤੇ ਨਸ਼ੀਲੇ ਪਦਾਰਥ ਸਮੇਤ ਇਕ ਔਰਤ ਤੇ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਐੱਸ.ਐੱਚ.ਓ. ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ.ਆਈ. ਕੁਲਦੀਪ ਸਿੰਘ ਨੇ ਪੁਲਸ ਪਾਰਟੀ ਸਮੇਤ ਅੱਡਾ ਪਦਰਾਣਾ ਜੀ.ਟੀ. ਰੋਡ 'ਤੇ ਨਾਕਾਬੰਦੀ ਦੌਰਾਨ ਗੜ੍ਹਸ਼ੰਕਰ ਵਾਲੀ ਸਾਈਡ ਤੋਂ ਆ ਰਹੀ ਕਾਲੇ ਰੰਗ ਦੀ ਹੌਂਡਾ ਸਿਟੀ ਬਿਨਾਂ ਨੰਬਰੀ ਕਾਰ ਨੂੰ ਚੈੱਕ ਕਰਨ 'ਤੇ ਕਾਰ 'ਚ ਸਵਾਰ 2 ਲੜਕੇ ਮਹਾਵੀਰ ਪੁੱਤਰ ਰਾਜ ਕੁਮਾਰ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ, ਰਾਹੁਲ ਪੁੱਤਰ ਦਾਰਾ ਸਿੰਘ ਵਾਸੀ ਮੋਇਲਾ ਵਾਹਿਦਪੁਰ ਤੇ ਇਕ ਲੜਕੀ ਕਰਿਕਤਾ ਪੁੱਤਰੀ ਸਤੀਸ਼ ਜੋਸ਼ੀ ਵਾਸੀ ਗੌਰਾਂ ਗੇਟ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਕਾਰ ਦੀ ਤਲਾਸ਼ੀ ਲੈਣ 'ਤੇ ਡੈਸ਼ ਬੋਰਡ 'ਚੋਂ 510 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।

ਇਹ ਵੀ ਪੜ੍ਹੋ : ਗੋਲਡੀ ਬਰਾੜ ਤੇ ਹੈਰੀ ਚੱਠਾ ਗਰੁੱਪ ਦੇ 2 ਮੈਂਬਰ ਗ੍ਰਿਫ਼ਤਾਰ, 8 ਨਾਮਜ਼ਦ, ਜਾਣੋ ਕੀ ਹੈ ਮਾਮਲਾ

ਉਕਤ ਤਿੰਨਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਵੀ ਕਰਦੇ ਹਨ ਤੇ ਉਨ੍ਹਾਂ ਨੇ ਸਤਨੌਰ ਲਾਗੇ ਇਕ ਆਲਟੋ ਕਾਰ ਵਿਚ ਜਾ ਰਹੇ ਪਰਿਵਾਰ ਨੂੰ ਰੋਕ ਕੇ ਉਨ੍ਹਾਂ ਪਾਸੋਂ ਪਿਸਤੌਲ ਦੀ ਨੋਕ 'ਤੇ 30 ਹਜ਼ਾਰ ਰੁਪਏ ਲੁੱਟੇ ਸਨ। ਦੋਸ਼ੀਆਂ ਪਾਸੋਂ ਵਾਰਦਾਤ ਵੇਲੇ ਵਰਤਿਆ ਪਿਸਤੌਲ ਅਤੇ ਲੁੱਟੇ ਗਏ ਪੈਸਿਆਂ 'ਚੋਂ 10 ਹਜ਼ਾਰ 200 ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਐੱਸ.ਐੱਚ.ਓ. ਕਰਨੈਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News