ਮਿਲਾਵਟੀ ਸੀਮੈਂਟ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼

Monday, Sep 04, 2017 - 07:21 AM (IST)

ਜਲੰਧਰ (ਮਹੇਸ਼)- ਦਿਹਾਤੀ ਥਾਣਾ ਪਤਾਰਾ ਦੀ ਪੁਲਸ ਨੇ ਅਲਟਰਾ ਅਤੇ ਏ. ਸੀ. ਸੀ. ਦਾ ਜਾਅਲੀ ਮਾਰਕਾ ਲਾ ਕੇ ਮਿਲਾਵਟੀ ਸੀਮੈਂਟ ਵੇਚਣ ਵਾਲੇ 3 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਕ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਮੁੱਖ ਦੋਸ਼ੀ ਸਮੇਤ ਦੋ ਮੈਂਬਰ ਫਰਾਰ ਹਨ। 
ਮਿਲਾਵਟੀ ਸੀਮੈਂਟ ਦੀਆਂ 135 ਬੋਰੀਆਂ ਅਤੇ ਇਕ ਛੋਟਾ ਹਾਥੀ ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਆਦਮਪੁਰ ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਥਾਣਾ ਪਤਾਰਾ ਦੇ ਐੱਸ. ਐੱਚ. ਓ. ਸਤਪਾਲ ਸਿੱਧੂ ਨੇ ਪਿੰਡ ਕੰਗਣੀਵਾਲ ਦੇ ਨੇੜੇ ਹੁਸ਼ਿਆਰਪੁਰ ਰੋਡ 'ਤੇ ਕੀਤੀ ਹੋਈ ਨਾਕੇਬੰਦੀ ਦੌਰਾਨ ਤੇਜ਼ ਰਫਤਾਰ ਛੋਟੇ ਹਾਥੀ ਨੂੰ ਚੈਕਿੰਗ ਲਈ ਰੋਕਿਆ। ਜਿਸ ਦੇ ਚਾਲਕ ਨੇ ਆਪਣਾ ਨਾਂ ਵਿਕਾਸ ਪੁੱਤਰ ਕ੍ਰਿਸ਼ਨ ਲਾਲ ਨਿਵਾਸੀ ਨਿਊ ਦਸਮੇਸ਼ ਨਗਰ ਥਾਣਾ ਡਵੀਜ਼ਨ ਨੰ. 5 ਜਲੰਧਰ ਦੱਸਿਆ। ਛੋਟੇ ਹਾਥੀ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ ਅਲਟਰਾ ਅਤੇ ਏ. ਸੀ. ਸੀ. ਮਾਰਕਾ ਲੱਗੀਆਂ 135 ਬੋਰੀਆਂ ਬਰਾਮਦ ਹੋਈਆਂ, ਜਿਸ ਵਿਚ ਮਿਲਾਵਟੀ ਸੀਮੈਂਟ ਭਰਿਆ ਹੋਇਆ ਸੀ। ਪੁੱਛਗਿੱਛ ਵਿਚ ਵਿਕਾਸ ਨੇ ਦੱਸਿਆ ਕਿ ਉਹ ਇਹ ਸੀਮੈਂਟ ਆਸ਼ੀਸ਼ ਅਰੋੜਾ ਪੁੱਤਰ ਸ਼ਿਵ ਸ਼ੰਕਰ ਨਿਵਾਸੀ ਰਾਜਾ ਗਾਰਡਨ ਕਾਲੋਨੀ ਥਾਣਾ ਬਸਤੀ ਬਾਵਾ ਖੇਲ ਅਤੇ ਪਲਵਿੰਦਰ ਸਿੰਘ ਉਰਫ ਸੰਨੀ ਪੁੱਤਰ ਮਨਜੀਤ ਸਿੰਘ ਨਿਵਾਸੀ ਪਿੰਡ ਗਦਈਪੁਰ-ਰੰਧਾਵਾ ਥਾਣਾ ਮਕਸੂਦਾਂ ਜਲੰਧਰ ਦੇ ਵਿਧੀਪੁਰ ਫਾਟਕ ਦੇ ਨੇੜੇ ਸਥਿਤ ਗੋਦਾਮ ਤੋਂ ਲੈ ਕੇ ਆਇਆ ਹੈ। ਉਹ ਉਨ੍ਹਾਂ ਦੇ ਸੀਮੈਂਟ ਦੀ ਸਪਲਾਈ ਕਰਨ ਜਾਂਦਾ ਹੈ। 
ਐੱਸ. ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਐੱਸ. ਐੱਚ. ਓ. ਨੂੰ ਪਤਾਰਾ ਸਤਪਾਲ ਸਿੰਘ ਸਿੱਧੂ ਨੇ ਸਮੇਤ ਪੁਲਸ ਪਾਰਟੀ ਵਿਕਾਸ ਦੀ ਨਿਸ਼ਾਨਦੇਹੀ 'ਤੇ ਇਸ ਗੋਦਾਮ ਵਿਚ ਛਾਪੇਮਾਰੀ ਕਰ ਕੇ ਅਲੱਗ-ਅਲੱਗ ਮਾਰਕਾ ਵਾਲੀਆਂ 100 ਬੋਰੀਆਂ ਮਿਲਾਵਟੀ ਸੀਮੈਂਟ ਦੀਆਂ ਬਰਾਮਦ ਕਰ ਲਈਆਂ ਜਦੋਂ ਕਿ ਪਲਵਿੰਦਰ ਸਿੰਘ ਸੰਨੀ ਅਤੇ ਅਸ਼ੀਸ਼ ਅਰੋੜਾ ਪਹਿਲਾਂ ਹੀ ਫਰਾਰ ਹੋ ਗਏ। 
ਬਰਾਮਦ ਹੋਈਆਂ ਜਾਅਲੀ ਮਾਰਕਾ ਵਾਲੀਆਂ ਬੋਰੀਆਂ ਵਿਚ ਪਾਕਿਸਤਾਨ ਵਿਚ ਬਣਦੇ ਘਟੀਆ ਸੀਮੈਂਟ ਦੀਆਂ ਬੋਰੀਆਂ ਵੀ ਸ਼ਾਮਲ ਹਨ। 
ਵਿਕਾਸ, ਆਸ਼ੀਸ਼ ਅਤੇ ਸੰਨੀ 'ਤੇ ਥਾਣਾ ਪਤਾਰਾ ਦੀ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 420, 63/64 ਕਾਪੀ ਗਈਟ ਐਕਟ 1953, 103/104 ਟ੍ਰੇਡ ਮਾਰਕ ਐਕਟ 1999 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਫੜੇ ਗਏ ਦੋਸ਼ੀ ਵਿਕਾਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਸ ਤੋਂ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।


Related News