ਨਾਜਾਇਜ਼ ਸ਼ਰਾਬ ਤੇ ਐਕਸਾਈਜ਼ ਟੀਮ ''ਤੇ ਹਮਲਾ ਕਰਨ ਦੇ ਮਾਮਲੇ ''ਚ 2 ਭਰਾਵਾਂ ਨੂੰ 3 ਸਾਲ ਦੀ ਕੈਦ, ਜੁਰਮਾਨਾ

09/01/2017 1:09:36 PM


ਮੋਗਾ(ਸੰਦੀਪ) - ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਚਰਨਜੀਤ ਅਰੋੜਾ ਦੀ ਅਦਾਲਤ ਨੇ ਨਾਜਾਇਜ਼ ਤੌਰ 'ਤੇ ਸ਼ਰਾਬ ਦੀ ਵਿਕਰੀ ਅਤੇ ਜਾਂਚ ਕਰਨ ਪੁੱਜੀ ਐਕਸਾਈਜ਼ ਟੀਮ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਸ਼ਾਮਲ ਦੋ ਭਰਾਵਾਂ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ 3 ਸਾਲ ਦੀ ਕੈਦ ਅਤੇ 18-18 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। 
ਜਾਣਕਾਰੀ ਅਨੁਸਾਰ ਥਾਣਾ ਅਜੀਤਵਾਲ ਪੁਲਸ ਵੱਲੋਂ 12 ਸਤੰਬਰ, 2013 ਨੂੰ ਐਕਸਾਈਜ਼ ਵਿਭਾਗ 'ਚ ਤਾਇਨਾਤ ਐਕਸਾਈਜ਼ ਇੰਸਪੈਕਟਰ ਸ਼ਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਪਿੰਡ ਡਾਲਾ ਨਿਵਾਸੀ ਜਗਪਾਲ ਸਿੰਘ ਅਤੇ ਉਸ ਦੇ ਭਰਾ ਗੁਰਲਾਲ ਸਿੰਘ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਐਕਸਾਈਜ਼ ਇੰਸਪੈਕਟਰ ਦਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਵਿਭਾਗ ਨੂੰ ਉਕਤ ਭਰਾਵਾਂ ਵੱਲੋਂ ਨਾਜਾਇਜ਼ ਤੌਰ 'ਤੇ ਸ਼ਰਾਬ ਰੱਖਣ ਅਤੇ ਵਿਕਰੀ ਕਰਨ ਦੀ ਸ਼ਿਕਾਇਤ ਮਿਲੀ ਸੀ, ਜਿਸ 'ਤੇ ਉਹ ਟੀਮ ਸਮੇਤ ਉਕਤ ਦੋਸ਼ੀਆਂ ਦੇ ਘਰ ਪੁੱਜੇ ਸਨ ਤਾਂ ਉੱਥੇ ਉਨ੍ਹਾਂ ਨੇ ਟੀਮ 'ਤੇ 12 ਬੋਰ ਦੀ ਬੰਦੂਕ ਅਤੇ ਹੋਰ ਹਥਿਆਰਾਂ ਨਾਲ ਗੋਲੀ ਵੀ ਚਲਾਈ ਸੀ। ਉਸ ਨੇ ਹੇਠਾਂ ਬੈਠ ਕੇ ਆਪਣੀ ਜਾਨ ਬਚਾਈ ਸੀ। ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ।


Related News