ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ

Thursday, Jul 14, 2022 - 11:38 AM (IST)

ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ

ਜਲੰਧਰ (ਪੁਨੀਤ) : ਪੰਜਾਬ ਵਿਚ ਪਹਿਲੀ ਵਾਰ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਰਾਬ ਦੇ ਰੇਟਾਂ ਵਿਚ ਕਮੀ ਕਰਨ ਦਾ ਜਨਤਾ ਨਾਲ ਜੋ ਵਾਅਦਾ ਕੀਤਾ ਹੈ, ਉਸਨੂੰ ਅਮਲ ਵਿਚ ਲਿਆਉਣ ਲਈ ਐਕਸਾਈਜ਼ ਵਿਭਾਗ ਚੌਕਸ ਦਿਖਾਈ ਦੇ ਰਿਹਾ ਹੈ ਤਾਂ ਜੋ ਜਨਤਾ ਨੂੰ ਸਸਤੀ ਸ਼ਰਾਬ ਮੁਹੱਈਆ ਕਰਵਾਈ ਜਾ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਨਤਾ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਸਸਤੀ ਸ਼ਰਾਬ ਮੁਹੱਈਆ ਕਰਵਾਉਣਾ ਉਨ੍ਹਾਂ ਦੇ ਮੁੱਖ ਏਜੰਡੇ ਵਿਚ ਸ਼ਾਮਲ ਹੈ।

ਇਹ ਵੀ ਪੜ੍ਹੋ- ਮੋਰਿੰਡਾ ਵਿਖੇ ਸੀਵਰੇਜ ਦੇ ਪਾਣੀ 'ਚ ਡੁੱਬਣ ਨਾਲ 2 ਸਾਲਾ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਇਸ ਕਾਰਨ ਵਿਭਾਗ ਵੱਲੋਂ ਠੇਕੇਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਰਕਾਰ ਦੀ ਪਾਲਿਸੀ ਤੋਂ ਜਾਣੂ ਕਰਵਾਇਆ ਗਿਆ ਹੈ। ਇਸਦੇ ਸ਼ੁਰੂਆਤੀ ਦੌਰ ਵਿਚ ਦੇਸੀ ਸ਼ਰਾਬ 40 ਫੀਸਦੀ ਅਤੇ ਅੰਗਰੇਜ਼ੀ ਸ਼ਰਾਬ ਦੇ ਰੇਟਾਂ ਵਿਚ 20 ਫੀਸਦੀ ਤੋਂ ਜ਼ਿਆਦਾ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਕਾਂਗਰਸ ਦੇ ਸ਼ਾਸਨ ਸਮੇਂ ਪਿਛਲੇ 3 ਸਾਲਾਂ ਤੋਂ ਟੈਂਡਰ ਨਹੀਂ ਕਰਵਾਏ ਗਏ ਸਨ। ਹਰ ਵਾਰ ਰੇਟਾਂ ਵਿਚ ਵਾਧਾ ਕਰ ਕੇ ਪੁਰਾਣੇ ਠੇਕੇਦਾਰਾਂ ਨੂੰ ਠੇਕਿਆਂ ਦੇ ਗਰੁੱਪ ਅਲਾਟ ਹੋ ਰਹੇ ਸਨ। ਇਸ ਕਾਰਨ ਸ਼ਰਾਬ ਦਾ ਕੰਮ ਕਰਨ ਵਾਲੇ ਕਈ ਠੇਕੇਦਾਰਾਂ ਨੂੰ ਪਿਛਲੇ 4 ਸਾਲਾਂ ਤੋਂ ਇਸ ਕੰਮ ਵਿਚ ਵਾਪਸੀ ਕਰਨ ਦਾ ਮੌਕਾ ਨਹੀਂ ਮਿਲ ਸਕਿਆ।

ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਐਕਸਾਈਜ਼ ਪਾਲਿਸੀ ਬਣਾਉਣ ਦਾ ਪੂਰਾ ਸਮਾਂ ਨਹੀਂ ਮਿਲ ਸਕਿਆ, ਜਿਸ ਕਾਰਨ ਠੇਕੇਦਾਰਾਂ ਨੂੰ ਉਮੀਦ ਸੀ ਕਿ ਸਰਕਾਰ ਰੇਟਾਂ ਵਿਚ ਵਾਧਾ ਕਰ ਕੇ ਪੁਰਾਣੇ ਠੇਕੇਦਾਰਾਂ ਨੂੰ ਗਰੁੱਪ ਅਲਾਟ ਕਰ ਦੇਵੇਗੀ। ਇਸਦੇ ਉਲਟ ਜਾਂਦੇ ਹੋਏ ਸਰਕਾਰ ਨੇ ਪਹਿਲੀ ਤਿਮਾਹੀ ਲਈ ਠੇਕਿਆਂ ਦੇ ਸਮੇਂ ਵਿਚ ਵਾਧਾ ਕਰ ਦਿੱਤਾ ਤਾਂ ਜੋ ਐਕਸਾਈਜ਼ ਪਾਲਿਸੀ ਬਣਾਉਣ ਲਈ ਪੂਰਾ ਸਮਾਂ ਮਿਲ ਸਕੇ। ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਐਕਸਾਈਜ਼ ਵਿਭਾਗ ਨੇ ਪਾਲਿਸੀ ਬਣਾਉਣ ਵਿਚ ਪੂਰਾ ਵਰਕਆਊਟ ਕੀਤਾ। ਇਸ ਤੋਂ ਬਾਅਦ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਸੂਬੇ ਵਿਚ ਸ਼ਰਾਬ ਦੇ ਰੇਟ 40 ਫੀਸਦੀ ਤੱਕ ਘੱਟ ਕੀਤੇ ਜਾਣਗੇ ਅਤੇ ਐਕਸਾਈਜ਼ ਪਾਲਿਸੀ ਨਾਲ ਸਰਕਾਰ ਦੀ ਇਨਕਮ ਵੀ ਵਧੇਗੀ।

ਇਹ ਵੀ ਪੜ੍ਹੋ- ਮਾਲੇਰਕੋਟਲਾ ਦੇ ਵਪਾਰੀਆਂ ਨਾਲ ਜੁੜੀਆਂ 350 ਕਰੋੜ ਦੀ ਹੈਰੋਇਨ ਦੀਆਂ ਤਾਰਾਂ, ਪੁਲਸ ਰਿਮਾਂਡ 'ਤੇ ਗੈਂਗਸਟਰ ਬੱਗਾ

ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਦੀ ਅਗਵਾਈ ਵਿਚ ਜੂਨ ਵਿਚ ਜਾਰੀ ਕੀਤੀ ਗਈ ਪਾਲਿਸੀ ਤੋਂ ਬਾਅਦ ਠੇਕੇਦਾਰਾਂ ਨੇ ਇਸ ਨੂੰ ਨਕਾਰ ਦਿੱਤਾ। ਇਸ ਤੋਂ ਬਾਅਦ ਕਈ ਥਾਵਾਂ ’ਤੇ ਧਰਨੇ ਪ੍ਰਦਰਸ਼ਨ ਹੋਏ ਅਤੇ ਇਸ ਪਾਲਿਸੀ ਨਾਲ ਚੱਲਣ ਤੋਂ ਇਨਕਾਰ ਕਰ ਦਿੱਤਾ। ਸਰਕਾਰ ਨੇ ਨਵੀਂ ਪਾਲਿਸੀ ਰਾਹੀਂ ਪੰਜਾਬ ਨੂੰ 3 ਹਿੱਸਿਆਂ ਵਿਚ ਵੰਡਦੇ ਹੋਏ 3 ਜ਼ੋਨ ਬਣਾਏ, ਜਿਸ ਵਿਚ ਜਲੰਧਰ ਜ਼ੋਨ ਅਧੀਨ 68, ਪਟਿਆਲਾ ਜ਼ੋਨ ਦੇ 64, ਜਦਕਿ ਫਿਰੋਜ਼ਪੁਰ ਜ਼ੋਨ ਦੇ 42 ਗਰੁੱਪ ਐਲਾਨੇ ਗਏ। ਇਸ ਤੋਂ ਇਲਾਵਾ ਮੋਹਾਲੀ ਅਤੇ ਅੰਮ੍ਰਿਤਸਰ ਏਅਰਪੋਰਟ ਨੂੰ ਮਿਲਾ ਕੇ ਕੁੱਲ 177 ਗਰੁੱਪਾਂ ਰਾਹੀਂ 6378 ਤੋਂ ਜ਼ਿਆਦਾ ਠੇਕੇ ਖੋਲ੍ਹਣ ਦੀ ਵਿਵਸਥਾ ਕੀਤੀ ਗਈ।

ਇਸ ਕ੍ਰਮ ਪ੍ਰਤੀ ਗਰੁੱਪ ਦੀ ਫੀਸ 25 ਕਰੋੜ ਤੋਂ ਲੈ ਕੇ 41 ਕਰੋੜ ਤੱਕ ਰੱਖੀ ਗਈ। ਗਰੁੱਪਾਂ ਵਿਚ ਠੇਕਿਆਂ ਦੀ ਗੱਲ ਕੀਤੀ ਜਾਵੇ ਤਾਂ ਛੋਟੇ ਗਰੁੱਪਾਂ ਵਿਚ 15 ਤੋਂ ਲੈ ਕੇ ਵੱਡੇ ਗਰੁੱਪਾਂ ਵਿਚ 64 ਠੇਕੇ ਖੋਲ੍ਹਣ ਦੀ ਵਿਵਸਥਾ ਕੀਤੀ ਗਈ। ਜਲੰਧਰ ਜ਼ੋਨ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤ ਵਿਚ ਸ਼ਹਿਰ ਦੇ 2 ਗਰੁੱਪਾਂ ਲਈ ਟੈਂਡਰ ਹੋਏ, ਜਿਸ ਨਾਲ ਵਿਭਾਗ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਜ਼ਿਆਦਾ ਰਿਸਪਾਂਸ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿਸ ਕਾਰਨ ਵਿਭਾਗ ਨੂੰ ਉਮੀਦ ਜਾਗੀ। ਇਸ ਦੌਰਾਨ ਵਿਭਾਗ ਨੇ ਟੈਂਡਰ ਭਰਨ ਦੀ ਸਮਾਂ ਹੱਦ ਵਿਚ ਵਾਧਾ ਕਰਕੇ ਗਰੁੱਪਾਂ ਦੇ ਰੇਟਾਂ ਵਿਚ 5 ਫੀਸਦੀ ਗਿਰਾਵਟ ਕੀਤੀ, ਜਿਸ ਤੋਂ ਬਾਅਦ ਟੈਂਡਰ ਭਰਨ ਦੀ ਪ੍ਰਕਿਰਿਆ ਨੇ ਰਫਤਾਰ ਫੜੀ। ਜੂਨ ਦੇ ਅੰਤ ਤੱਕ ਕਈ ਟੈਂਡਰ ਨਾ ਭਰੇ ਜਾਣ ਕਾਰਨ ਵਿਭਾਗ ਨੇ 15 ਫੀਸਦੀ ਰੇਟਾਂ ਵਿਚ ਗਿਰਾਵਟ ਕਰ ਦਿੱਤੀ ਅਤੇ ਬੀਤੇ ਦਿਨੀਂ ਟੈਂਡਰ ਖੁੱਲ੍ਹਣ ਤੋਂ ਬਾਅਦ ਸਾਰੇ ਗਰੁੱਪਾਂ ਦੇ ਟੈਂਡਰ ਸਫਲ ਕਰਾਰ ਦਿੰਦੇ ਹੋਏ ਲਾਇਸੈਂਸ ਜਾਰੀ ਕਰ ਦਿੱਤੇ ਗਏ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Harnek Seechewal

Content Editor

Related News